ਨਵੀਂ ਦਿੱਲੀ, ਬਿਜ਼ਨੈੱਸ ਡੈਸਕ : PAN Card, Aadhaar Card, Voter ID Card, Passport, Driving License ਇਹ ਸਾਰੇ ਸਰਕਾਰੀ ਪਛਾਣ ਪੱਤਰ ਦੇ ਤੌਰ 'ਤੇ ਕੰਮ ਆਉਂਦੇ ਹਨ, ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਇਨ੍ਹਾਂ ਆਈਡੀਜ਼ ਦਾ ਕੀ ਹੁੰਦਾ ਹੋਵੇਗਾ? ਮ੍ਰਿਤ ਵਿਅਕਤੀ ਦੇ ਕਾਨੂੰਨੀ ਉੱਤਰਾਧਿਕਾਰੀ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਵੱਖ-ਵੱਖ ਅਧਿਕਾਰਤ ਦਸਤਾਵੇਜ਼ਾਂ ਤੇ ਆਈਡੀ ਨਾਲ ਕੀ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਕਦੋਂ ਤਕ ਰੱਖਣਾ ਚਾਹੀਦਾ ਹੈ? ਇਸ ਤੋਂ ਇਲਾਵਾ ਕੀ ਉਹ ਇਨ੍ਹਾਂ ਦਸਤਾਵੇਜ਼ਾਂ ਨੂੰ ਸ਼ਾਸਿਤ ਤੇ ਜਾਰੀ ਕਰਨ ਵਾਲੀਆਂ ਸੰਸਥਾਵਾਂ ਨੂੰ ਵਾਪਸ ਦੇ ਸਕਦੇ ਹਨ? ਅੱਜ ਅਸੀਂ ਇਸ ਖਬਰ 'ਚ ਤੁਹਾਨੂੰ ਇਸੇ ਬਾਰੇ ਜਾਣਕਾਰੀ ਦੇ ਰਹੇ ਹਾਂ...

Aadhaar

ਆਧਾਰ ਨੰਬਰ ਪਛਾਣ ਦੇ ਪ੍ਰਮਾਣ ਤੇ ਪਤੇ ਦੇ ਪ੍ਰਮਾਣ ਦੇ ਤੌਰ 'ਤੇ ਕੰਮ ਆਉਂਦਾ ਹੈ। ਵੱਖ-ਵੱਖ ਥਾਵਾਂ ਜਿਵੇਂ ਐੱਲਪੀਜੀ ਸਬਸਿਡੀ ਦਾ ਲਾਭ ਉਠਾਉਂਦੇ ਸਮੇਂ, ਸਰਕਾਰ ਤੋਂ ਵਜ਼ੀਫ਼ਾ ਲਾਭ, ਈਪੀਐੱਫ ਖਾਤਿਆਂ ਆਦਿ ਦੇ ਮਾਮਲੇ 'ਚ ਆਧਾਰ ਨੰਬਰ ਦੱਸਣਾ ਜ਼ਰੂਰੀ ਹੈ। ਸੇਬੀ ਰਜਿਸਟਰਡ ਨਿਵੇਸ਼ ਸਲਾਹਕਾਰ ਤੇ ਐਕਸਪਰਟ ਜਿਤੇਂਦਰ ਸੋਲੰਕੀ ਅਨੁਸਾਰ, 'ਆਧਾਰ ਇਕ ਵਿਸ਼ੇਸ਼ ਪਛਾਣ ਪੱਤਰ ਹੁੰਦਾ ਹੈ। ਪਰ, ਕਾਨੂੰਨੀ ਉੱਤਰਾਧਿਕਾਰੀਆਂ ਜਾਂ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਆਧਾਰ ਦੀ ਦੁਰਵਰਤੋਂ ਨਾ ਹੋਵੇ।' ਉਨ੍ਹਾਂ ਕਿਹਾ ਕਿ UIDAI ਕੋਲ ਮ੍ਰਿਤਕ ਵਿਅਕਤੀ ਦੇ ਆਧਾਰ ਕਾਰਡ ਨੂੰ ਕੈਂਸਲ ਕਰਨ ਦੀ ਕੋਈ ਪ੍ਰਕਿਰਿਆ ਨਹੀਂ ਹੈ ਤੇ ਆਧਾਰ ਡਾਟਾਬੇਸ 'ਚ ਧਾਰਕ ਦੀ ਮੌਤ ਬਾਰੇ ਜਾਣਕਾਰੀ ਨੂੰ ਅਪਡੇਟ ਕਰਨ ਦੀ ਵੀ ਵਿਵਸਥਾ ਨਹੀਂ ਹੈ।

Voter ID Card

ਸੋਲੰਕੀ ਕਹਿੰਦੇ ਹਨ, 'ਵੋਟਰ ਪਛਾਣ ਪੱਤਰ ਦੇ ਮਾਮਲੇ 'ਚ ਚੋਣ ਰਜਿਸਟ੍ਰੇਸ਼ਨ ਨਿਯਮ, 1960 ਤਹਿਤ ਵਿਅਕਤੀ ਦੀ ਮੌਤ ਹੋ ਜਾਣ 'ਤੇ ਇਸ ਨੂੰ ਕੈਂਸਲ ਕਰਨ ਦੀ ਵਿਵਸਥਾ ਹੈ।' ਜਿਤੇਂਦਰ ਸੋਲੰਕੀ ਨੇ ਕਿਹਾ, 'ਮ੍ਰਿਤ ਵਿਅਕਤੀ ਦੇ ਕਾਨੂੰਨੀ ਉੱਤਰਾਧਿਕਾਰੀ ਨੂੰ ਸਥਾਨਕ ਚੋਣ ਦਫ਼ਤਰ ਜਾਣਾ ਚਾਹੀਦਾ ਹੈ। ਚੋਣ ਨਿਯਮਾਂ ਤਹਿਤ ਇਕ ਵਿਸ਼ੇਸ਼ ਫਾਰਮ, ਯਾਨੀ ਫਾਰਮ ਨੰਬਰ 7 ਭਰਨਾ ਪਵੇਗਾ ਤੇ ਇਸ ਨੂੰ ਰੱਦ ਕਰਨ ਲਈ ਮੌਤ ਪ੍ਰਮਾਣ ਪੱਤਰ ਨਾਲ ਜਮ੍ਹਾਂ ਕਰਨਾ ਪਵੇਗਾ।'

PAN

ਸੋਲੰਕੀ ਨੇ ਕਿਹਾ, 'ਪੈਨ ਕਾਰਡ ਦਾ ਇਸਤੇਮਾਲ ਵੱਖ-ਵੱਖ ਕੰਮਾਂ ਜਿਵੇਂ ਬੈਂਕ ਖਾਤਿਆਂ, ਡੀਮੈਟ ਖਾਤਿਆਂ, ਮ੍ਰਿਤਕ ਦੇ ਆਮਦਨ ਕਰ ਰਿਟਰਨ (ITR) ਦਾਖ਼ਲ ਕਰਨ ਲਈ ਇਕ ਲਾਜਮ਼ੀ ਰਿਕਾਰਡ ਦੇ ਤੌਰ 'ਤੇ ਕੰਮ ਆਉਂਦਾ ਹੈ। ਪੈਨ ਕਿਸੇ ਵੀ ਵਿਅਕਤੀ ਲਈ ਉਦੋਂ ਤਕ ਜ਼ਰੂਰੀ ਹੈ ਜਦੋਂ ਤਕ ਅਜਿਹੇ ਸਾਰੇ ਖਾਤੇ ਬੰਦ ਨਹੀਂ ਹੋ ਜਾਂਦੇ, ਜਿੱਥੇ ਪੈਨ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਆਈਟੀਆਰ ਦਾਖ਼ਲ ਕਰਨ ਦੇ ਮਾਮਲੇ 'ਚ ਪੈਨ ਨੂੰ ਉਦੋਂ ਤਕ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਤਕ ਕਿ ਆਮਦਨ ਕਰ ਵਿਭਾਗ ਵੱਲੋਂ ਇਕ ਰਿਟਰਨ ਦਾਖ਼ਲ ਕਰਨ ਦਾ ਪ੍ਰੋਸੈੱਸ ਨਹੀਂ ਕੀਤਾ ਜਾਂਦਾ।' ਉਨ੍ਹਾਂ ਕਿਹਾ, ਜਦੋਂ ਆਮਦਨ ਕਰ ਵਿਭਾਗ ਨਾਲ ਜੁੜੇ ਸਾਰੇ ਕੰਮ ਹੋ ਜਾਣ ਤਾਂ ਉੱਤਰਾਧਿਕਾਰੀ ਨੂੰ ਇਕ ਵਾਰ ਆਮਦਨ ਕਰ ਵਿਭਾਗ ਨਾਲ ਸੰਪਰਕ ਕਰ ਕੇ PAN Card ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ।

Passport

ਮਾਹਿਰ ਸੋਲੰਕੀ ਕਹਿੰਦੇ ਹਨ, 'ਪਾਸਪੋਰਟ ਸਬੰਧੀ ਮੌਤ 'ਤੇ ਸਰੰਡਰ ਜਾਂ ਰੱਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੀ ਕੋਈ ਪ੍ਰਕਿਰਿਆ ਵੀ ਨਹੀਂ ਹੈ।' ਹਾਲਾਂਕਿ ਇਕ ਵਾਰ ਪਾਸਪੋਰਟ ਦੀ ਮਿਆਦ ਖ਼ਤਮ ਹੋ ਜਾਣ ਤੋਂ ਬਾਅਦ ਇਹ ਡਿਫਾਲਟ ਦੇ ਤੌਰ 'ਤੇ ਨਕਾਰਾ ਹੋ ਜਾਂਦਾ ਹੈ। ਹਾਲਾਂਕਿ ਇਸ ਦਸਤਾਵੇਜ਼ ਨੂੰ ਮੌਤ ਤੋਂ ਬਾਅਦ ਵੀ ਉੱਤਰਾਧਿਕਾਰੀ ਕੋਲ ਰੱਖਣਾ ਬੁੱਧੀਮਾਨੀ ਵਾਲਾ ਫ਼ੈਸਲਾ ਹੈ ਕਿਉਂਕਿ ਤੁਸੀਂ ਇਸ ਨੂੰ ਬਾਅਦ ਵਿਚ ਆਉਣ ਵਾਲੇ ਹਾਲਾਤ 'ਚ ਪ੍ਰਮਾਣ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ।

ਇਸ ਤੋਂ ਇਲਾਵਾ ਆਧਾਰ ਤੇ ਪਾਸਪੋਰਟ ਵਰਗੇ ਦਸਤਾਵੇਜ਼ ਸਰੰਡਰ ਨਹੀਂ ਕੀਤੇ ਜਾ ਸਕਦੇ ਹਨ, ਇਨ੍ਹਾਂ ਨੂੰ ਨਸ਼ਟ ਕਰਨ ਦੀ ਬਜਾਏ ਮੌਤ ਪ੍ਰਮਾਣ ਪੱਤਰ ਦੇ ਨਾਲ ਰੱਖਿਆ ਜਾ ਸਕਦਾ ਹੈ।

Posted By: Seema Anand