ਨਵੀਂ ਦਿੱਲੀ (ਪੀਟੀਆਈ) : ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਅਰਥਚਾਰੇ ਦੇ ਵਾਧੇ ਨੂੰ ਸਮਰਥਨ ਦੇਣ ਲਈ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਵਾਅਦਾ ਕੀਤਾ ਹੈ। ਬੈਂਕ ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਕਿਹਾ ਕਿ ਲਾਕਡਾਊਨ ਪੂਰੇ ਭਾਰਤ 'ਚ ਨਹੀਂ ਲੱਗਾ ਹੈ। ਅਜਿਹੇ 'ਚ ਸਾਨੂੰ ਬੈਂਕਿੰਗ ਖੇਤਰ 'ਤੇ ਇਸ ਦੇ ਅਸਰ ਦੀ ਸਮੀਖਿਆ ਲਈ ਕੁਝ ਸਮਾਂ ਇੰਤਜਾਰ ਕਰਨਾ ਪਵੇਗਾ। ਖਾਰਾ ਦਾ ਕਹਿਣਾ ਸੀ ਕਿ ਵਿਆਜ ਦਰਾਂ 'ਤੇ ਮਹਿੰਗਾਈ ਸਮੇਤ ਕਈ ਚੀਜ਼ਾਂ ਦਾ ਸਿੱਧਾ ਅਸਰ ਦਿਖਾਈ ਦਿੰਦਾ ਹੈ। ਮੌਜੂਦਾ ਸਮੇਂ ਬੈਂਕ ਦੀ ਕੋਸ਼ਿਸ਼ ਆਰਥਿਕ ਵਾਧੇ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣਾ ਹੈ। ਇਹ ਪੱਕਾ ਕਰਨ ਲਈ ਜਿੱਥੋਂ ਤਕ ਮੁਮਕਿਨ ਹੋ ਸਕੇਗਾ ਬੈਂਕ ਵਿਆਜ ਦਰਾਂ ਨੂੰ ਹੇਠਲੇ ਪੱਧਰ 'ਤੇ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ।

ਖਾਰਾ ਨੇ ਕਿਹਾ ਕਿ ਸਥਾਨਕ ਪਾਬੰਦੀਆਂ ਦੇ ਆਧਾਰ 'ਤੇ ਬੈਂਕਾਂ ਦੇ ਐੱਨਪੀਏ ਦੇ ਪ੍ਰਦਰਸ਼ਨ ਬਾਰੇ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਮੁਲਾਂਕਣ ਕੀਤਾ ਜਾਣਾ ਜਲਦਬਾਜ਼ੀ ਹੋਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੇ ਮੌਜੂਦਾ ਹਾਲਾਤ ਵਿਚਾਲੇ ਬੈਂਕ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਰੇ ਖਾਰਾ ਨੇ ਕਿਹਾ ਕਿ ਬੈਂਕ ਨੇ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਕੁਝ ਸੂਬਿਆਂ 'ਚ ਆਈਸੀਯੂ ਵਾਲੇ ਅਸਥਾਈ ਹਸਪਤਾਲ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਇਸ ਲਈ 30 ਕਰੋੜ ਰੁਪਏ ਦੀ ਰਕਮ ਰੱਖੀ ਹੈ ਤੇ ਉਹ ਐਮਰਜੈਂਸੀ ਪੱਧਰ 'ਤੇ ਮੈਡੀਕਲ ਸਹੂਲਤਾਂ ਦੇਣ ਲਈ ਕੁਝ ਗ਼ੈਰ-ਸਰਕਾਰੀ ਸੰਸਥਾਵਾਂ (ਐੱਨਜੀਓ) ਅਤੇ ਹਸਪਤਾਲ ਪ੍ਰਬੰਧਨ ਨਾਲ ਸੰਪਰਕ 'ਚ ਹੈ।