ਜੇਐੱਨਐੱਨ, ਨਵੀਂ ਦਿੱਲੀ : LIC ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਜਲਦ ਹੀ ਇਕ ਹੋਰ ਸਰਕਾਰੀ ਕੰਪਨੀ ਦਾ IPO ਆਉਣ ਵਾਲਾ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰੀ ਕੰਪਨੀ WAPCOS ਨੇ ਸ਼ੇਅਰ ਬਾਜ਼ਾਰ 'ਚ IPO ਲਿਆਉਣ ਲਈ ਮਾਰਕੀਟ ਰੈਗੂਲੇਟਰ ਸੇਬੀ ਕੋਲ ਡਰਾਫ਼ਟ ਪੇਪਰ ਜਮ੍ਹਾਂ ਕਰਵਾਏ ਹਨ।

ਕੰਪਨੀ ਦੁਆਰਾ ਦਾਇਰ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (DRHP) ਦੇ ਅਨੁਸਾਰ, ਇਹ ਵਿਕਰੀ ਦੀ ਪੂਰੀ ਜਨਤਕ ਇਸ਼ੂ ਪੇਸ਼ਕਸ਼ (OFS) ਹੋਵੇਗੀ। ਇਸ ਦਾ ਮਤਲਬ ਹੈ ਕਿ ਇਸ ਤੋਂ ਮਿਲਣ ਵਾਲਾ ਸਾਰਾ ਪੈਸਾ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਜਾਵੇਗਾ। ਇਸ OFS ਵਿੱਚ ਕੰਪਨੀ 3,25,00,000 ਸ਼ੇਅਰ ਜਾਰੀ ਕਰੇਗੀ।

WAPCOS ਕੀ ਕਰਦਾ ਹੈ?

WAPCOS ਪਾਣੀ, ਬਿਜਲੀ, ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਕੰਸਲਟੈਂਸੀ, ਇੰਜੀਨੀਅਰਿੰਗ, ਖ਼ਰੀਦ ਅਤੇ ਉਸਾਰੀ ਦੇ ਕਾਰੋਬਾਰ ਵਿੱਚ ਰੁੱਝਿਆ ਹੋਇਆ ਹੈ। ਇਹ ਕੰਪਨੀ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਆਉਂਦੀ ਹੈ। ਕੰਪਨੀ ਦੇ ਸੰਚਾਲਨ ਨਾ ਸਿਰਫ਼ ਭਾਰਤ ਵਿੱਚ, ਸਗੋਂ ਦੱਖਣੀ ਏਸ਼ੀਆ ਅਤੇ ਪੂਰੇ ਅਫਰੀਕਾ ਵਿੱਚ ਵੀ ਫੈਲੇ ਹੋਏ ਹਨ, ਜਿੱਥੇ ਕੰਪਨੀ ਡੈਮ, ਸਿੰਚਾਈ, ਇੰਜੀਨੀਅਰਿੰਗ ਅਤੇ ਹੜ੍ਹ ਕੰਟਰੋਲ ਦਾ ਕੰਮ ਕਰਦੀ ਹੈ।

ਵਰਤਮਾਨ ਵਿੱਚ ਕੰਪਨੀ 30 ਤੋਂ ਵੱਧ ਦੇਸ਼ਾਂ ਵਿੱਚ 455 ਤੋਂ ਵੱਧ ਦੇਸ਼ਾਂ ਨਾਲ ਜੁੜੀ ਹੋਈ ਹੈ। ਇਸ ਵਿੱਚ ਚੱਲ ਰਹੇ ਅਤੇ ਮੁਕੰਮਲ ਹੋਏ ਪ੍ਰੋਜੈਕਟ ਸ਼ਾਮਲ ਹਨ।

ਕੰਪਨੀ ਦੀ ਆਮਦਨ ਅਤੇ ਲਾਭ

ਵਿੱਤੀ ਸਾਲ 2021-22 'ਚ ਕੰਪਨੀ ਦੀ ਆਮਦਨ 11.35 ਫ਼ੀਸਦੀ ਵਧ ਕੇ 2,798 ਕਰੋੜ ਰੁਪਏ ਰਹੀ। ਇਸ ਦੌਰਾਨ ਕੰਪਨੀ ਦਾ ਮੁਨਾਫ਼ਾ ਵੀ 14.47 ਫ਼ੀਸਦੀ ਵਧ ਕੇ 69.16 ਕਰੋੜ ਰੁਪਏ ਹੋ ਗਿਆ।

ਨਿੱਜੀਕਰਨ ਦਾ ਟੀਚਾ

ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ 65,000 ਕਰੋੜ ਰੁਪਏ ਦੇ ਨਿੱਜੀਕਰਨ ਦਾ ਟੀਚਾ ਰੱਖਿਆ ਹੈ। ਹੁਣ ਤਕ ਸਰਕਾਰ ਨਿੱਜੀਕਰਨ ਤਹਿਤ 20,550 ਕਰੋੜ ਰੁਪਏ ਜੁਟਾ ਚੁੱਕੀ ਹੈ। ਇਸ ਵਿੱਚ ਐੱਲਆਈਸੀ ਆਈਪੀਓ ਤੋਂ ਪ੍ਰਾਪਤ ਰਕਮ ਵੀ ਸ਼ਾਮਲ ਹੈ।

Posted By: Jaswinder Duhra