ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਤੇ ਘਰੇਲੂ ਈ-ਕਮਰਸ ਦਿੱਗਜ Flipkart 'ਤੇ ਕੰਟਰੋਲ ਕਰਨ ਵਾਲੀ Walmart Inc ਨੇ ਆਪਣੇ ਭਾਰਤੀ ਕਾਰੋਬਾਰ ਨਾਲ ਜੁੜੇ 50 ਸਿਖਲਰੇ ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਕੰਪਨੀ ਨੇ ਭਾਰਤ 'ਚ ਸਿਖਰ ਪੱਧਰ 'ਤੇ ਪੁਨਰਗਠਨ ਦੇ ਟੀਚੇ ਨਾਲ ਇਹ ਕਦਮ ਉਠਾਇਆ ਹੈ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਨੇ ਰਾਇਟਰਜ਼ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁੱਖ ਰੂਪ 'ਚ ਕੰਪਨੀ ਦੇ ਰੀਅਲ ਅਸਟੇਟ ਡਵੀਜ਼ਨ ਤੋਂ ਅਧਿਕਾਰੀਆਂ ਦੀ ਛਾਂਟੀ ਹੋਈ ਹੈ ਕਿਉਂਕਿ ਕੰਪਨੀ ਦੇ ਹੋਲਸੇਲ ਮਾਡਲ ਦਾ ਵਿਕਾਸ ਬਹੁਤ ਠੋਸ ਤਰੀਕੇ ਨਾਲ ਨਹੀਂ ਹੋ ਸਕਿਆ ਹੈ।

ਇਕ ਸੂਤਰ ਨੇ ਰਾਇਟਰਜ਼ ਨੂੰ ਜਾਣਕਾਰੀ ਦਿੱਤੀ ਕਿ 'ਕੰਪਨੀ ਨੇ ਫਿਜੀਕਲ ਸਟੋਰ ਦੀ ਜਗ੍ਹਾ ਈ-ਕਾਮਰਸ 'ਤੇ ਫੋਕਸ ਨੂੰ ਸ਼ਿਫਟ ਕੀਤਾ ਹੈ ਤੇ ਇਸੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।' ਹਾਲਾਂਕਿ, ਇਸ ਬਾਰੇ ਵਾਲਮਾਰਟ ਤੋਂ ਪੁੱਛੇ ਗਏ ਸਵਾਲ ਦਾ ਹਾਲੇ ਤਕ ਕੋਈ ਜਵਾਬ ਨਹੀਂ ਮਿਲ ਸਕਿਆ ਹੈ। ਜ਼ਿਕਰਯੋਗ ਹੈ ਕਿ Walmart Inc ਨੂੰ ਭਾਰਤ ਦੇ ਈ-ਕਾਮਰਸ ਬਾਜ਼ਾਰ ਤੋਂ ਕਾਫ਼ੀ ਉਮੀਦਾਂ ਹਨ ਤੇ ਇਸੇ ਨੂੰ ਧਿਆਨ 'ਚ ਰੱਖਦੇ ਹੋਏ 2018 'ਚ ਉਸ ਨੇ 16 ਅਰਬ ਡਾਲਰ 'ਚ Flipkart ਦੀ ਹਿੱਸੇਦਾਰੀ ਨੂੰ ਐਕਵਾਇਰ ਕੀਤਾ ਸੀ। ਇਹ ਸਭ ਤੋਂ ਵੱਡੇ ਆਲਮੀ ਐਕਵਾਇਰ 'ਚੋਂ ਇਕ ਹੈ।

ਦੂਸਰੇ ਸੂਤਰ ਨੇ ਜਾਣਕਾਰੀ ਦਿੱਤੀ ਕਿ ਵਾਲਮਾਰਟ ਨਵੇਂ ਹੋਲਸੇਲ ਸਟੋਰ ਖੋਲ੍ਹਣ ਦੀ ਰਫ਼ਤਾਰ ਮੱਠੀ ਕਰ ਸਕਦਾ ਹੈ ਕਿਉਂਕਿ ਉਸ ਦਾ ਧਿਆਨ ਬਿਜ਼ਨੈੱਸ-ਟੂ-ਬਿਜ਼ਨੈੱਸ ਤੇ retail e-commerce ਜ਼ਰੀਏ ਵਿਕਰੀ ਵਧਾਉਣ 'ਤੇ ਹੈ। ਦੋ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਕੁਝ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅੱਜ ਵੀ ਕੁਝ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

Posted By: Seema Anand