ਨਵੀਂ ਦਿੱਲੀ (ਪੀਟੀਆਈ) : ਟੈਲੀਕਾਮ ਸੈਕਟਰ ਦੀ ਮੁਕਾਬਲੇਬਾਜ਼ੀ ਤੇ ਕੰਪਨੀਆਂ ਦੀ ਦੇਣਦਾਰੀ ਦਾ ਬੋਝ ਹੁਣ ਗਾਹਕਾਂ ਦੇ ਮੋਢਿਆਂ 'ਤੇ ਪੈਣ ਵਾਲਾ ਹੈ। ਵੱਖ-ਵੱਖ ਮਦਾਂ 'ਚ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਚੁਕਾਉਣ ਦੀ ਕੋਸ਼ਿਸ਼ ਵਿਚ ਜੁਟੀਆਂ ਟੈਲੀਕਾਮ ਕੰਪਨੀਆਂ ਵੋਡਾਫੋਨ-ਆਈਡੀਆ ਤੇ ਏਅਰਟੈਲ ਨੇ ਆਪਣੇ ਕਾਲ ਤੇ ਡਾਟਾ ਟੈਰਿਫ 'ਚ 50 ਫ਼ੀਸਦੀ ਤਕ ਦੇ ਵਾਧੇ ਦਾ ਐਲਾਨ ਕਰ ਦਿੱਤਾ ਹੈ। ਨਵੀਆਂ ਦਰਾਂ 3 ਦਸੰਬਰ ਦਿਨ ਮੰਗਲਵਾਰ ਤੋਂ ਲਾਗੂ ਹੋਣਗੀਆਂ। ਰਿਲਾਇੰਸ ਜਿਓ ਨੇ ਵੀ ਦਰਾਂ 'ਚ 40 ਫ਼ੀਸਦੀ ਤਕ ਦੇ ਵਾਧੇ ਦੀ ਗੱਲ ਕਹੀ ਹੈ।

ਐਤਵਾਰ ਨੂੰ ਵੋਡਾਫੋਨ-ਆਈਡੀਆ ਨੇ ਟੈਰਿਫ 'ਚ ਵਾਧੇ ਦਾ ਐਲਾਨ ਕੀਤਾ। ਇਸ ਤੋਂ ਬਾਅਦ ਏਅਰਟੈਲ ਤੇ ਰਿਲਾਇੰਸ ਜਿਓ ਨੇ ਵੀ ਇਸ ਦਿਸ਼ਾ ਵਿਚ ਕਦਮ ਵਧਾ ਦਿੱਤਾ। ਵੋਡਾ-ਆਈਡੀਆ ਤੇ ਏਅਰਟੈਲ ਨੇ ਕਾਲ-ਡਾਟਾ ਟੈਰਿਫ 'ਚ 50 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ। ਸਭ ਤੋਂ ਜ਼ਿਆਦਾ 50 ਫ਼ੀਸਦੀ ਵਾਧਾ ਸਾਲ ਭਰ ਦੇ ਅਨਲਿਮਟਿਡ ਪੈਕ 'ਤੇ ਕੀਤਾ ਗਿਆ ਹੈ। ਵੋਡਾ-ਆਈਡੀਆ 'ਚ ਪਹਿਲਾਂ 999 ਰੁਪਏ ਵਿਚ 12 ਜੀਬੀ ਡਾਟਾ ਨਾਲ ਸਾਲ ਭਰ ਦੀ ਵੈਧਤਾ ਮਿਲਦੀ ਸੀ। ਹੁਣ ਇਸ ਪੈਕ ਦੀ ਕੀਮਤ 24 ਜੀਬੀ ਡਾਟਾ ਨਾਲ 1499 ਰੁਪਏ ਹੋ ਗਈ ਹੈ। ਏਅਰਟੈਲ 'ਚ ਪਹਿਲਾਂ ਇਹ ਪੈਕ 998 ਰੁਪਏ ਦਾ ਸੀ।

ਹੁਣ ਏਅਰਟੈਲ ਵੀ ਇਸ ਪੈਕ ਲਈ 1499 ਰੁਪਏ ਵਸੂਲੇਗੀ। ਇਸੇ ਤਰ੍ਹਾਂ ਵੋਡਾ-ਆਈਡੀਆ ਨੇ ਸਾਲ ਭਰ ਤਕ ਪ੍ਰਤੀ ਦਿਨ ਡੇਢ ਜੀਬੀ ਡਾਟਾ ਵਾਲਾ ਅਣਲਿਮਟਿਡ ਪੈਕ 1699 ਤੋਂ ਵਧਾ ਕੇ 2399 ਰੁਪਏ ਕਰ ਦਿੱਤਾ ਹੈ। ਏਅਰਟੈਲ ਇਸ ਲਈ 2398 ਰੁਪਏ ਵਸੂਲੇਗੀ। ਹੁਣ ਛੋਟੀ-ਵੱਡੀ ਮਿਆਦ ਵਾਲੇ ਪੈਕ 'ਚ ਵੀ ਵਾਧਾ ਕੀਤਾ ਗਿਆ ਹੈ। ਜਿਓ ਨੇ ਟੈਰਿਫ 'ਚ 40 ਫ਼ੀਸਦੀ ਤਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜਿਓ ਦੀਆਂ ਵਧੀਆਂ ਦਰਾਂ ਛੇ ਦਸੰਬਰ ਤੋਂ ਲਾਗੂ ਹੋਣਗੀਆਂ।