ਨਵੀਂ ਦਿੱਲੀ (ਏਐੱਨਆਈ) : ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਸੂਬਾ ਸਰਕਾਰਾਂ ਤੇ ਸੰਸਥਾਵਾਂ ਨੂੰ ਕਿਹਾ ਹੈ ਕਿ ਪਛਾਣ ਦੇ ਸਬੂਤ ਦੇ ਤੌਰ ’ਤੇ ਆਧਾਰ ਨੂੰ ਭੌਤਿਕ ਜਾਂ ਇਲੈਕਟ੍ਰਾਨਿਕ ਰੂਪ ’ਚ ਸਵੀਕਾਰ ਕਰਨ ਤੋਂ ਪਹਿਲਾਂ ਆਧਾਰ ਦੀ ਤਸਦੀਕ ਜ਼ਰੂਰ ਕਰੋ ਤਾਂਕਿ ਕਿਸੇ ਵੀ ਤਰ੍ਹਾਂ ਦੀ ਧੋਖਾਧਡ਼ੀ ਤੋਂ ਬਚਿਆ ਜਾ ਸਕੇ। ਯੂਆਈਡੀਏਆਈ ਨੇ ਵੀਰਵਾਰ ਨੂੰ ਕਿਹਾ ਕਿ ਆਧਾਰ ਧਾਰਕ ਦੀ ਸਹਿਮਤੀ ਤੋਂ ਬਾਅਦ ਆਧਾਰ ਨੰਬਰ ਦੀ ਤਸਦੀਕ ਆਧਾਰ ਦੇ ਕਿਸੇ ਵੀ ਰੂੁਪ (ਆਧਾਰ ਕਾਰਡ, ਈ-ਆਧਾਰ, ਆਧਾਰ ਪੀਵੀਸੀ ਕਾਰਡ ਆਦਿ) ਦੀ ਅਸਲੀਅਤ ਜਾਣਨ ਲਈ ਸਹੀ ਕਦਮ ਹੈ।

ਇਕ ਬਿਆਨ ’ਚ ਕੇਂਦਰੀ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਕਿਹਾ ਕਿ ਆਧਾਰ ਦੀ ਤਸਦੀਕ ਅਸਮਾਜਿਕ ਅਨਸਰਾਂ ਨੂੰ ਪਛਾਣ ਕੇ ਇਸ ਦਸਤਾਵੇਜ਼ ਦੀ ਕਿਸੇ ਵੀ ਸੰਭਾਵੀ ਦੁਰਵਰਤੋਂ ’ਚ ਸ਼ਾਮਲ ਹੋਣ ਤੋਂ ਰੋਕਦੀ ਹੈ। ਇਹ ਯੂਆਈਡੀਏਆਈ ਦੇ ਇਸ ਰੁਖ਼ ’ਤੇ ਵੀ ਜ਼ੋਰ ਦਿੰਦਾ ਹੈ ਕਿ ਕੋਈ ਵੀ 12 ਅੰਕਾਂ ਦੀ ਸੰਖਿਆ ਆਧਾਰ ਨਹੀਂ ਹੈ। ਇਸ ’ਚ ਕਿਹਾ ਗਿਆ ਹੈ ਕਿ ਆਧਾਰ ਦਸਤਾਵੇਜ਼ਾਂ ਨਾਲ ਛੇਡ਼ਛਾਡ਼ ਦੀ ਆਫਲਾਈਨ ਤਸਦੀਕ ਰਾਹੀਂ ਪਤਾ ਲਗਾਇਆ ਜਾ ਸਕਦਾ ਹੈ। ਆਧਾਰ ਨਾਲ ਛੇਡ਼ਛਾਡ਼ ਕਰਨਾ ਇਕ ਸਜ਼ਾਯੋਗ ਅਪਰਾਧ ਹੈ ਤੇ ਅਜਿਹਾ ਕਰਨ ਵਾਲਾ ਆਧਾਰ ਐਕਟ ਦੀ ਧਾਰਾ 35 ਤਹਿਤ ਸਜ਼ਾ ਲਈ ਜ਼ਿੰਮੇਵਾਰ ਹੈ।

ਯੂਆਈਡੀਏਆਈ ਨੇ ਇਸ ਸਬੰਧੀ ਸੂਬਿਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ ਤਾਂਕਿ ਜਦੋਂ ਵੀ ਆਧਾਰ ਨੂੰ ਪਛਾਣ ਪੱਤਰ ਦੇ ਰੂਪ ’ਚ ਪੇਸ਼ ਕੀਤਾ ਜਾਵੇ ਤਾਂ ਸਬੰਧਤ ਸੰਸਥਾ ਵੱਲੋਂ ਤਸਦੀਕ ਜਾਂ ਧਾਰਕ ਦੀ ਤਸਦੀਕ ਕੀਤੀ ਜਾਵੇ। ਅਥਾਰਟੀ ਨੇ ਸਰਟੀਫਿਕੇਟ ਤਸਦੀਕ ਕਰਨ ਲਈ ਅਧਿਕਾਰਤ ਸੰਸਥਾਵਾਂ ਨੂੰ ਸਰਕੁਲਰ ਵੀ ਜਾਰੀ ਕੀਤਾ ਹੈ। ਆਧਾਰ ਦੇ ਕਿਸੇ ਵੀ ਰੂਪ - ਆਧਾਰ ਪੱਤਰ, ਈ-ਆਧਾਰ, ਆਧਾਰ ਪੀਵੀਸੀ ਕਾਰਡ ਤੇ ਐੱਮ-ਆਧਾਰ ਨੂੰ ਕਿਊਆਰ ਕੋਡ ਦੀ ਵਰਤੋਂ ਕਰ ਕੇ ਐੱਮ ਆਧਾਰ ਐਪਲੀਕੇਸ਼ਨ ਜਾਂ ਆਧਾਰ ਕਿਊਆਰ ਕੋਡ ਸਕੈਨਰ ਦੀ ਵਰਤੋਂ ਕਰ ਕੇ ਤਸਦੀਕ ਕੀਤਾ ਜਾ ਸਕਦਾ ਹੈ। ਕਿਊਆਰ ਕੋਡ ਸਕੈਨਰ ਐਂਡ੍ਰਾਇਡ ਤੇ ਆਈਓਐੱਸ ਆਧਾਰਤ ਮੋਬਾਈਲ ਫੋਨ ਦੇ ਨਾਲ-ਨਾਲ ਵਿੰਡੋ ਆਧਾਰਤ ਐਪਲੀਕੇਸ਼ਨ ’ਤੇ ਮੁਫ਼ਤ ਡਾਊਨਲੋਡ ਲਈ ਉਪਲਬਧ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪਛਾਣ ਦਸਤਾਵੇਜ਼ ਦੀ ਦੁਰਵਰਤੋਂ ਨੂੰ ਰੋਕਣ ਲਈ ਯੂਆਈਡੀਏਆਈ ਪਹਿਲਾਂ ਤੋਂ ਹੀ ਨਿਵਾਸੀਆਂ ਲਈ ਨਿਰਦੇਸ਼ ਜਾਰੀ ਕਰ ਚੁੱਕਾ ਹੈ ਕਿ ਕੀ ਕਰੋ ਤੇ ਕੀ ਨਾ ਕਰੋ।

Posted By: Sandip Kaur