ਵਾਸ਼ਿੰਗਟਨ (ਏਜੰਸੀ) : ਅਮਰੀਕਾ ਅਤੇ ਚੀਨ ਵਿਚਕਾਰ ਹੋਣ ਜਾ ਰਹੇ ਪਹਿਲੇ ਦੌਰ ਦੇ ਕਾਰੋਬਾਰੀ ਸਮਝੌਤੇ ਤੋਂ ਪਹਿਲਾਂ ਅਮਰੀਕਾ ਨੇ ਚੀਨ ਨੂੰ ਕਰੰਸੀ ਨਾਲ ਛੇੜਛਾੜ ਕਰਨ ਵਾਲੇ (ਕਰੰਸੀ ਮੈਨੀਪੁਲੇਟੇਰ) ਦੇਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। ਉਸ ਨੇ ਚੀਨ ਨੂੰ ਪਿਛਲੇ ਸਾਲ ਇਸ ਸੂਚੀ ਵਿਚ ਪਾਇਆ ਸੀ। ਸਮਝੌਤੇ 'ਤੇ ਦਸਤਖ਼ਤ ਤੋਂ ਠੀਕ ਪਹਿਲਾਂ ਵਿੱਤ ਮੰਤਰਾਲਾ ਨੇ ਅਮਰੀਕੀ ਕਾਂਗਰਸ ਨੂੰ ਸੌਂਪੀ ਗਈ ਰਿਪੋਰਟ ਵਿਚ ਕਿਹਾ ਕਿ ਚੀਨ ਦਾ ਯੂਆਨ ਮਜ਼ਬੂਤ ਹੋਇਆ ਹੈ, ਇਸ ਲਈ ਉਸ ਨੂੰ ਹੁਣ ਕਰੰਸੀ ਮੈਨੀਪੁਲੇਟਰ ਮੰਨਿਆ ਜਾਣਾ ਠੀਕ ਨਹੀਂ ਹੈ। ਇਸ ਕਦਮ ਨੂੰ ਸਮਝੌਤੇ ਤੋਂ ਪਹਿਲਾਂ ਗੁਡਵਿਲ ਸੰਕੇਤ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ 'ਤੇ ਜਾਣਬੁੱਝ ਕੇ ਕਰੰਸੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਚੀਨ ਨੇ ਆਪਣੀ ਕਰੰਸੀ ਨੂੰ ਕਮਜ਼ੋਰ ਕਰ ਕੇ ਅਮਰੀਕੀ ਕਾਰੋਬਾਰੀ ਤੇ ਫੈਕਟਰੀਆਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਚੀਨ ਨੇ ਆਪਣੀ ਕਰੰਸੀ ਯੂਆਨ ਨੂੰ ਪ੍ਰਤੀ ਡਾਲਰ ਸੱਤ ਦੇ ਪੱਧਰ ਤਕ ਸੁੱਟ ਦਿੱਤਾ ਸੀ। ਇਹ ਬਾਅਦ ਵਿਚ ਸੁਧਰ ਕੇ ਇਕ ਡਾਲਰ ਦੇ ਮੁਕਾਬਲੇ 6.93 ਯੂਆਨ ਦੇ ਪੱਧਰ ਤਕ ਆ ਗਈ।