ਨਵੀਂ ਦਿੱਲੀ, ਬਿਜ਼ਨਸ ਡੈਸਕ : ਸੋਸ਼ਲ ਮੀਡੀਆ ਦਿੱਗਜ਼ ਟਵਿੱਟਰ ਆਪਣੇ ਕਰਮਚਾਰੀਆਂ ਨੂੰ ਸਦਾ ਲਈ ਵਰਕ ਫਰਾਮ ਹੋਮ (ਘਰ ਤੋਂ ਕੰਮ) ਦੇ ਸਕਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਟਵਿੱਟਰ ਇਹ ਫੈਸਲਾ ਲੈ ਸਕਦਾ ਹੈ। ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਮੰਗਲਵਾਰ ਨੂੰ ਆਪਣੇ ਸਟਾਫ ਨੂੰ ਈ-ਮੇਲ ਭੇਜਦਿਆਂ ਕਿਹਾ ਕਿ ਉਹ ਕਰਮਚਾਰੀ ਜਿਨ੍ਹਾਂ ਦੀਆਂ ਨੌਕਰੀਆਂ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦਿੰਦੀਆਂ ਹਨ, ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਤਮ ਹੋਣ ਦੇ ਬਾਅਦ ਵੀ, ਉਨ੍ਹਾਂ ਨੂੰ ਸਦਾ ਲਈ ਘਰੋਂ ਕੰਮ ਕਰਨ ਦੀ ਮਨਜ਼ੂਰੀ ਹੋਵੇਗੀ। ਬੱਜਫੀਡ ਨਿਊਜ਼ ਦੇ ਅਨੁਸਾਰ, ਡੋਰਸੀ ਨੇ ਕਿਹਾ ਹੈ ਕਿ ਕੋਵਿਡ-19 ਦੇ ਕਹਿਰ ਦੇ ਮੱਦੇਨਜ਼ਰ ਕੰਪਨੀ ਵੱਲੋਂ ਇਸ ਸਾਲ ਸਤੰਬਰ ਮਹੀਨੇ ਤੋਂ ਪਹਿਲਾਂ ਆਪਣੇ ਦਫ਼ਤਰ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਦੋਂ ਤੱਕ ਸਾਰੀਆਂ ਕਾਰੋਬਾਰੀ ਯਾਤਰਾਵਾਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ।

ਟਵਿੱਟਰ ਨੇ ਬੱਜਫੀਡ ਨਿਊਜ਼ ਨੂੰ ਦਿੱਤੇ ਬਿਆਨ ਵਿੱਚ ਕਿਹਾ, "ਜਦੋਂ ਤੋਂ ਅਸੀਂ ਵਰਕ ਫਰਾਮ ਹੋਮ ਮਾਡਲ ਅਪਣਾਉਣ ਵਾਲੀਆਂ ਸਭ ਤੋਂ ਪਹਿਲੀਆਂ ਕੰਪਨੀਆਂ ਵਿਚੋਂ ਇਕ ਸੀ, ਉਦੋਂ ਤੋਂ ਅਸੀਂ ਇਸ ਬਾਰੇ ਕਾਫ਼ੀ ਸੋਚ ਰਹੇ ਹਾਂ।" ਟਵਿੱਟਰ ਨੇ ਦੱਸਿਆ ਕਿ ਇਸ ਨੇ ਸਾਲ 2020 ਦੇ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਅਗਲੇ ਸਾਲ ਦੇ ਆਯੋਜਨ ਲਈ 2021 ਵਿਚ ਯੋਜਨਾ ਬਣਾਏਗੀ।

ਟਵਿੱਟਰ ਨੇ ਦੱਸਿਆ ਕਿ ਜੇਕਰ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀ ਦਫਤਰ ਖੁੱਲ੍ਹਣ ਤੋਂ ਬਾਅਦ ਦਫਤਰ ਆਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਨਕਾਰ ਨਹੀਂ ਕੀਤਾ ਜਾਵੇਗਾ। ਟਵਿੱਟਰ ਨੇ ਕਿਹਾ ਹੈ ਕਿ ਜੇਕਰ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ‘ਚ ਕੋਈ ਮੁਸ਼ਕਲ ਨਹੀਂ ਆਉਂਦੀ ਅਤੇ ਉਤਪਾਦਕਤਾ ਇਕੋ ਜਿਹੀ ਰਹਿੰਦੀ ਹੈ ਤਾਂ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਰਮਚਾਰੀ ਦਫਤਰ ਆਉਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਕੀਤਾ ਜਾਵੇਗਾ, ਪਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੁਝ ਖਾਸ ਸਾਵਧਾਨੀਆਂ ਵਰਤਣੀਆਂ ਪੈਣਗੀਆਂ।

ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸਮੇਂ ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਮਹਾਮਾਰੀ ਫੈਲ ਰਹੀ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਉਥੇ ਹੀ ਕੁਝ ਕੰਪਨੀਆਂ ਵਰਕ ਫਰਾਮ ਹੋਮ ਤੋਂ ਵਧੇਰੇ ਉਤਪਾਦਕਤਾ ਅਤੇ ਕੰਮ ਵਿਚ ਘੱਟ ਖਰਚਾ ਦੇਖ ਰਹੀਆਂ ਹਨ। ਇਸ ਦੇ ਕਾਰਨ, ਉਹ ਲੰਬੇ ਸਮੇਂ ਦੇ ਲਈ ਜਾਂ ਪੱਕੇ ਤੌਰ 'ਤੇ ਵਰਕ ਫਰਾਮ ਹੋਮ ਦੇਣ ਵੱਲ ਵਧ ਰਹੀਆਂ ਹਨ।

Posted By: Seema Anand