ਸਿੰਗਾਪੁਰ (ਏਜੰਸੀ) : ਅਮਰੀਕਾ ਤੇ ਚੀਨ ਵਿਚ ਚੱਲ ਰਹੇ ਟ੍ਰੇਡ ਵਾਰ ਅਤੇ ਕੁਝ ਹੋਰ ਬੁਨਿਆਦੀ ਕਾਰਨਾਂ ਕਰ ਕੇ ਚੀਨ ਵਿਚ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਗਲੋਬਲ ਕੰਪਨੀਆਂ ਆਪਣੀ ਉਤਪਾਦਨ ਇਕਾਈਆਂ ਨੂੰ ਦੂਜੇ ਦੇਸ਼ਾਂ ਵਿਚ ਤਬਦੀਲ ਕਰ ਰਹੀਆਂ ਹਨ। ਭਾਰਤ ਤੇ ਇੰਡੋਨੇਸ਼ੀਆ ਵਰਗੇ ਦੇਸ਼ ਇਨ੍ਹਾਂ ਕੰਪਨੀਆਂ ਲਈ ਬਿਹਤਰੀਨ ਟਿਕਾਣੇ ਦੱਸੇ ਜਾ ਰਹੇ ਹਨ ਪਰ ਅੰਕੜੇ ਇਸ ਗੱਲ ਦਾ ਸਮਰਥਨ ਨਹੀਂ ਕਰ ਰਹੇ ਹਨ। ਜਾਪਾਨ ਦੇ ਫਾਇਨਾਂਸ਼ੀਅਲ ਗਰੁੱਪ ਨੋਮੁਰਾ ਦੀ ਇਕ ਰਿਪੋਰਟ ਮੁਤਾਬਕ ਅਪ੍ਰੈਲ 2018 ਤੋਂ ਅਗਸਤ 2019 ਵਿਚਕਾਰ 56 ਕੰਪਨੀਆਂ ਨੇ ਚੀਨ ਤੋਂ ਆਪਣੇ ਵਪਾਰ ਨੂੰ ਦੂਜੇ ਦੇਸ਼ਾਂ ਵਿਚ ਤਬਦੀਲ ਕੀਤਾ ਪਰ ਇਨ੍ਹਾਂ ਵਿਚ ਸਿਰਫ਼ ਤਿੰਨ ਭਾਰਤ ਦੇ ਹਿੱਸੇ ਵਿਚ ਆਈਆਂ ਹਨ ਤੇ ਦੋ ਇੰਡੋਨੇਸ਼ੀਆ ਗਈਆਂ। ਜਦਕਿ 26 ਕੰਪਨੀਆਂ ਨੇ ਆਪਣੀ ਯੂਨਿਟਾਂ ਵੀਆਤਨਾਮ, 11 ਤਾਇਵਾਨ ਤੇ ਅੱਠ ਥਾਈਲੈਂਡ ਵਿਚ ਯੂਨਿਟਾਂ ਲਗਾਉਣਾ ਠੀਕ ਸਮਿਝਆ। ਆਕਾਰ ਤੇ ਬਾਜ਼ਾਰ ਦੇ ਹਿਸਾਬ ਨਾਲ ਭਾਰਤ ਤੇ ਇੰਡੋਨੇਸ਼ੀਆ ਚੀਨ ਦੇ ਚੰਗੇ ਬਦਲ ਹਨ। ਜਨਸੰਖਿਆ ਦੇ ਮਾਮਲੇ ਵਿਚ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼ ਹੈ ਤੇ ਨੌਜਵਾਨ ਦੀ ਗਿਣਤੀ ਦੇ ਮਾਮਲੇ ਵਿਚ ਇਹ ਪਹਿਲੇ ਨੰਬਰ 'ਤੇ ਹੈ। ਇਥੇ ਲੇਬਰ ਲਾਗਤ ਚੀਨ ਦੇ ਮੁਕਾਬਲੇ ਅੱਧੀ ਹੈ। ਫਿਰ ਵੀ ਕਈ ਕਾਰਨਾਂ ਕਰ ਕੇ ਕੰਪਨੀਆਂ ਭਾਰਤ ਵਰਗੇ ਦੇਸ਼ਾਂ ਦੀ ਥਾਂ ਵੀਆਤਨਾਮ ਅਤੇ ਥਾਈਲੈਂਡ ਨੂੰ ਪਹਿਲ ਦੇ ਰਹੇ ਹਨ।