ਨਵੀਂ ਦਿੱਲੀ, ਏਜੰਸੀਆਂ : ਸਾਲ 2020 'ਚ ਏਸ਼ੀਆ ਦੇ ਵਿਕਾਸਸ਼ੀਲ ਅਰਥਚਾਰਿਆਂ 'ਚ ਮੰਦੀ ਨਜ਼ਰ ਆਵੇਗੀ। ਏਸ਼ੀਅਨ ਡਿਵੈਲਪਮੈਂਟ ਬੈਂਕ (ADB) ਨੇ ਮੰਗਲਵਾਰ ਨੂੰ ਇਹ ਗੱਲ ਕਹੀ ਹੈ। ਏਡੀਬੀ ਨੇ ਅਨੁਮਾਨ ਲਗਾਇਆ ਹੈ ਕਿ 60 ਸਾਲਾਂ 'ਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਏਸ਼ੀਆ ਦੇ ਵਿਕਾਸਸ਼ੀਲ ਅਰਥਚਾਰਿਆਂ 'ਚ ਮੰਦੀ ਨਜ਼ਰ ਆਵੇਗੀ। ਨਿਊਜ਼ ਏਜੰਸੀ ਏਪੀ ਅੁਸਾਰ, ਏਡੀਬੀ ਦਾ ਕਹਿਣਾ ਹੈ ਕਿ ਇਸ ਸਾਲ ਖੇਤਰੀ ਅਰਥਵਿਵਸਥਾ 'ਚ 0.7 ਫ਼ੀਸਦੀ ਦੀ ਮੰਦੀ ਆਵੇਗੀ। ਹਾਲਾਂਕਿ, ਏਡੀਬੀ ਨੇ ਸਾਲ 2021 'ਚ ਇਸ ਖੇਤਰ 'ਚ 6.8 ਫ਼ੀਸਦੀ ਦੀ ਗ੍ਰੋਥ ਦਾ ਅਨੁਮਾਨ ਪ੍ਰਗਟਾਇਆ ਹੈ।

ਏਡੀਬੀ ਅਨੁਸਾਰ, ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਹੈ, ਤਾਂ ਏਸ਼ੀਆ ਦੇ ਵਿਕਾਸਸ਼ੀਲ ਅਰਥਚਾਰਿਆਂ 'ਚ ਵੱਡੀ ਮੰਦੀ ਵੀ ਦੇਖੀ ਜਾ ਸਕਦੀ ਹੈ। ਏਡੀਬੀ ਤੇ ਫਿਲਪੀਨ ਤੇ ਇੰਡੋਨੇਸ਼ੀਆ ਵਰਗੇ ਕਈ ਅਰਥਚਾਰਿਆਂ ਦੇ ਗ੍ਰੋਥ ਰੇਟ ਦੇ ਅਨੁਮਾਨ 'ਚ ਕਮੀ ਕੀਤੀ ਹੈ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।

ਏਡੀਬੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜਿਸ ਦੇਸ਼ ਚੀਨ ਤੋਂ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਈ, ਉਹ ਇਸ ਤੋਂ ਉੱਭਰ ਚੁੱਕਾ ਹੈ। ਏਡੀਬੀ ਅਨੁਸਾਰ, ਇਸ ਸਾਲ ਚੀਨ ਦੀ ਅਰਥਵਿਵਸਥਾ 1.8 ਫ਼ੀਸਦੀ ਦੀ ਦਰ ਨਾਲ ਗ੍ਰੋਥ ਕਰੇਗੀ। ਉੱਥੇ ਹੀ ਸਾਲ 2021 'ਚ ਚੀਨ ਦੀ ਗ੍ਰੋਥ ਰੇਟ 7.7 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਕਾਬਿਲੇਗ਼ੌਰ ਹੈ ਕਿ ਸਾਲ 2019 'ਚ ਚੀਨ ਦੀ ਗ੍ਰੋਥ ਰੇਟ 6.1 ਫ਼ੀਸਦੀ ਰਹੀ ਸੀ।

ਨਾਲ ਹੀ ਏਡੀਬੀ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਜੀਡੀਪੀ 'ਚ -9 ਫ਼ੀਸਦੀ ਦੀ ਗ੍ਰੋਥ ਰੇਟ ਦਾ ਅਨੁਮਾਨ ਪ੍ਰਗਟਾਇਆ ਹੈ। ਬੈਂਕ ਅਨੁਸਾਰ, 40 ਸਾਲਾਂ 'ਚ ਪਹਿਲੀ ਵਾਰ ਭਾਰਤੀ ਅਰਥਵਿਵਸਥਾ 'ਚ ਮੰਦੀ ਆਵੇਗੀ। ਏਡੀਬੀ ਨੇ ਕਿਹਾ ਹੈ ਕਿ ਭਾਰਤ 'ਚ ਕੋਰੋਨਾ ਸੰਕਟ ਦੇ ਲੰਬੇ ਸਮੇਂ ਤਕ ਰਹਿਣ ਨਾਲ ਗ੍ਰੋਥ ਹੋਰ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ। ਨਾਲ ਹੀ ਏਡੀਬੀ ਦਾ ਕਹਿਣਾ ਹੈ ਕਿ ਵਿੱਤੀ ਵਰ੍ਹੇ 2021-22 'ਚ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਗ੍ਰੋਥ ਕਰੇਗੀ।

Posted By: Seema Anand