ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੈਪੋ ਦਰਾਂ 'ਚ ਲਗਾਤਾਰ ਕਟੌਤੀ ਕਰਨ ਤੋਂ ਬਾਅਦ ਇਕ ਪਾਸੇ ਜਿੱਤੇ ਬੈਂਕ ਲੋਨ ਦੀਆਂ ਵਿਆਜ ਦਰਾਂ 'ਚ ਕਟੌਤੀ ਕਰ ਰਹੇ ਹਨ ਉੱਥੇ ਹੀ ਨਿਵੇਸ਼ਕਾਂ ਨੂੰ ਮਿਲਣ ਵਾਲੀਆਂ ਜਮ੍ਹਾਂ ਦਰਾਂ (Deposit Rates 'ਚ ਵੀ ਕਟੌਤੀ ਕਰ ਰਹੇ ਹਨ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (SBI) ਦੋ ਸਾਲ ਤੋਂ ਲੈ ਕੇ 10 ਸਾਲ ਤਕ ਦੇ ਫਿਕਸਡ ਡਿਪਾਜ਼ਿਟ 'ਤੇ 6.25 ਫ਼ੀਸਦੀ ਸਾਲਾਨਾ ਦੀ ਜਮ੍ਹਾਂ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਬਾਕੀ ਬੈਂਕਾਂ ਨੇ ਵੀ ਡਿਪਾਜ਼ਿਟ ਰੇਟਸ 'ਚ ਕਟੌਤੀ ਕੀਤੀ ਹੈ। ਹਾਲਾਂਕਿ, ਹਾਲੇ ਵੀ ਕੁਝ ਅਜਿਹੇ ਫਿਕਸਡ ਡਿਪਾਜ਼ਿਟ ਪ੍ਰੋਡਕਟਸ ਹਨ ਜਿਨ੍ਹਾਂ 'ਤੇ ਤੁਹਾਨੂੰ 9 ਫ਼ੀਸਦੀ ਤਕ ਦਾ ਸਾਲਾਨਾ ਵਿਆਜ ਮਿਲ ਸਕਦਾ ਹੈ।

ਅਸੀਂ ਗੱਲ ਕਰ ਰਹੇ ਹਾਂ ਕੰਪਨੀਆਂ ਦੇ ਫਿਕਸਡ ਡਿਪਾਜ਼ਿਟ ਪ੍ਰੋਡਕਟਸ ਦੀ। ਘਟਦੀਆਂ ਜਮ੍ਹਾਂ ਦਰਾਂ ਦੇ ਇਸ ਦੌਰ 'ਚ ਕੰਪਨੀਆਂ ਪੂੰਜੀ ਇਕੱਤਰ ਕਰਨ ਲਈ ਹੁਣ 9 ਫ਼ੀਸਦੀ ਤਕ ਦੀਆਂ ਜਮ੍ਹਾਂ ਦਰਾਂ ਦੀ ਪੇਸ਼ਕਸ਼ ਕਰ ਰਹੀ ਹੈ। ਉਦਾਹਰਨ ਵਜੋਂ ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਉੱਨਤੀ ਸਕੀਮ ਤਹਿਤ ਪੰਜ ਸਾਲ ਦੇ ਫਿਕਸਡ ਡਿਪਾਜ਼ਿਟ 'ਤੇ 9 ਫ਼ੀਸਦੀ ਦਾ ਵਿਆਜ ਦੇ ਰਹੀ ਹੈ। ਇਕ ਸਾਲ ਦੀ ਮਿਆਦ ਦੀ ਐੱਫਡੀ 'ਤੇ 8 ਫ਼ੀਸਦੀ, 2 ਸਾਲ ਲਈ 8.25 ਫ਼ੀਸਦੀ, 3 ਸਾਲ ਲਈ 8.75 ਫ਼ੀਸਦੀ ਤੇ ਚਾਰ ਸਾਲ ਦੀ ਮਿਆਦ ਲਈ ਇਹ ਨਿਵੇਸ਼ਕਾਂ ਨੂੰ 8.85 ਫ਼ੀਸਦੀ ਵਿਆਜ ਦੇ ਰਹੀ ਹੈ। ਸ਼੍ਰੀਰਾਮ ਸਿਟੀ ਯੂਨੀਅਨ ਫਾਈਨਾਂਸ ਦੀ ਐੱਫਡੀ 'ਤੇ ਵੀ ਨਿਵੇਸ਼ਕਾਂ ਨੂੰ ਇਸੇ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਐੱਫਡੀ ਦੀ ਰੇਟਿੰਗ ਕ੍ਰਿਸਿਲ ਨੇ FAAA+ ਤੇ ਇਕਰਾ ਨੇ MAA+ ਦਿੱਤੀ ਹੈ।

ਇਸੇ ਤਰ੍ਹਾਂ ਪੀਐੱਨਬੀ ਹਾਊਸਿੰਗ ਫਾਈਨਾਂਸ ਵੀ ਇਕ ਸਾਲ ਦੀ ਮਿਆਦ ਲਈ 8.05 ਫ਼ੀਸਦੀ, ਦੋ ਸਾਲ ਲਈ 8.10 ਫ਼ੀਸਦੀ, ਤਿੰਨ ਸਾਲ ਲਈ 8.20 ਫ਼ੀਸਦੀ, ਚਾਰ ਸਾਲ ਲਈ 8.35 ਫ਼ੀਸਦੀ ਤੇ 5 ਸਾਲ ਲਈ 8.45 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਹੀ ਹੈ। ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ਼ੀਅਲ ਸਰਵਿਸਿਜ਼ ਲਿਮਟਿਡ ਵੀ ਤਿੰਨ, ਚਾਰ ਤੇ ਪੰਜ ਸਾਲ ਲਈ 8.25 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਹੀ ਹੈ। ਪੀਐੱਨਬੀ ਹਾਊਸਿੰਗ ਫਾਈਨਾਂਸ ਤੇ ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ਼ੀਅਲ ਸਰਵਿਸਿਜ਼ ਦੀ ਐੱਫਡੀ ਨੂੰ ਕ੍ਰਿਸਿਲ ਨੇ FAAA ਦੀ ਰੇਟਿੰਗ ਦਿੱਤੀ ਹੈ।

ਕੰਪਨੀ ਐੱਫਡੀ 'ਚ ਬੈਂਕ ਐੱਫਡੀ ਦੇ ਮੁਕਾਬਲੇ ਜੋਖ਼ਮ ਜ਼ਿਆਦਾ ਹੁੰਦਾ ਹੈ। ਹੁਣ ਤੁਸੀਂ ਪੁੱਛੋਗੇ ਕਿ ਕੰਪਨੀ ਐੱਫਡੀ ਦੀ ਚੋਣ ਕਿਵੇਂ ਕਰੀਏ ਤਾਂ ਜੋ ਇਨ੍ਹਾਂ ਵਿਚ ਜੋਖ਼ਮ ਘੱਟ ਤੋਂ ਘੱਟ ਹੋਵੇ? ਇਸ ਦਾ ਸਭ ਤੋਂ ਬਿਹਤਰੀਨ ਪੈਮਾਨਾ ਹੈ ਇਨ੍ਹਾਂ ਐੱਫਡੀਜ਼ੀ ਦੀ ਰੇਟਿੰਗ। ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀ ਐੱਫਡੀ 'ਚ ਨਿਵੇਸ਼ ਕਰਦੇ ਸਮੇਂ ਨਿਵੇਸ਼ਕਾਂ ਨੂੰ ਸਿਰਫ਼ ਵਿਆਜ ਦਰਾਂ 'ਤੇ ਹੀ ਗ਼ੌਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਸ ਗੱਲ 'ਤੇ ਗ਼ੌਰ ਕਰਨਾ ਚਾਹੀਦਾ ਹੈ ਕਿ ਕੰਪਨੀ ਐੱਫਡੀ ਦੀ ਰੇਟਿੰਗ ਕੀ ਹੈ। ਆਮ ਤੌਰ 'ਤੇ AAA+ ਦੀ ਰੇਟਿੰਗ ਬਿਹਤਰ ਮੰਨੀ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਕੰਪਨੀ ਐੱਫਡੀ 'ਚ ਨਿਵੇਸ਼ ਕਰ ਕੇ ਬਿਹਤਰ ਵਿਆਜ ਕਮਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਦੀ ਰੇਟਿੰਗ 'ਤੇ ਗ਼ੌਰ ਫਰਮਾਓ।

Posted By: Seema Anand