ਨਵੀਂ ਦਿੱਲੀ : ਥੋਕ ਮਹਿੰਗਾਈ ਦਰ ਨੇ ਹੁਣ ਹੌਲੀ-ਹੌਲੀ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਸ ਵਰ੍ਹੇ ਮਾਰਚ 'ਚ ਖਾਧ ਚੀਜ਼ਾਂ ਖਾਸ ਕਰਕੇ ਸਬਜ਼ੀਆਂ ਤੋਂ ਇਲਾਵਾ ਈਂਧਨ ਮਹਿੰਗਾ ਹੋਣ ਨਾਲ ਥੋਕ ਮਹਿੰਗਾਈ ਦਰ ਵੱਧ ਕੇ 3.18 ਫ਼ੀਸਦੀ ਹੋ ਗਈ ਹੈ। ਥੋਕ ਮਹਿੰਗਾਈ ਦਾ ਇਹ ਪੱਧਰ ਬੀਤੇ ਤਿੰਨ ਮਹੀਨੇ 'ਚ ਸਭ ਤੋਂ ਉੱਚ ਹੈ। ਸਬਜ਼ੀਆਂ ਮਹਿੰਗੀਆਂ ਹੋਣ ਨਾਲ ਖਾਧ ਚੀਜ਼ਾਂ ਦੀ ਮਹਿੰਗਾਈ ਦਰ ਮਾਰਚ 'ਚ 5.68 ਫ਼ੀਸਦੀ ਹੋ ਗਈ, ਜੋ ਫਰਵਰੀ 'ਚ 4.28 ਫ਼ੀਸਦੀ ਸੀ। ਅਜਿਹੀ ਸਥਿਤੀ 'ਚ ਸਰਕਾਰ ਨੂੰ ਸਪਲਾਈ ਸੁਧਾਰਨ ਦੇ ਉਪਾਅ 'ਤੇ ਜ਼ੋਰ ਦੇਣਾ ਹੋਵੇਗਾ। ਇਸ ਵਿਚਾਲੇ ਵਿਦੇਸ਼ ਵਪਾਰ ਦੇ ਮੋਰਚੇ 'ਤੇ ਰਾਹਤ ਦੀ ਖ਼ਬਰ ਹੈ। ਇਸ ਵਰ੍ਹੇ ਮਾਰਚ 'ਚ ਬਰਾਮਦ 'ਚ 11 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਇਸ ਸਾਲ ਫਰਵਰੀ 'ਚ ਥੋਕ ਮਹਿੰਗਾਈ ਦਰ 2.93 ਤੇ ਜਨਵਰੀ 'ਚ 2.76 ਫ਼ੀਸਦੀ ਸੀ। ਪਿਛਲੇ ਵਰ੍ਹੇ ਮਾਰਚ 'ਚ ਥੋਕ ਮਹਿੰਗਾਈ ਦਰ 2.74 ਅਤੇ ਦਸੰਬਰ 'ਚ 3.46 ਫ਼ੀਸਦੀ ਸੀ। ਉਂਝ ਤਾਂ ਭਾਰਤੀ ਰਿਜ਼ਰਵ ਬੈਂਕ ਆਪਣੀ ਮੁਦਰਾ ਨੀਤੀ ਤੈਅ ਕਰਨ ਵੇਲੇ ਰਿਟੇਲ ਮਹਿੰਗਾਈ 'ਚ ਉਤਰਾਅ-ਚੜ੍ਹਾਅ ਨੂੰ ਨੋਟੀਫਿਕੇਸ਼ਨ 'ਚ ਲੈਂਦਾ ਹੈ, ਪਰ ਥੋਕ ਮਹਿੰਗਾਈ ਦਾ ਸਿੱਧਾ ਅਸਰ ਰਿਟੇਲ ਕੀਮਤਾਂ 'ਤੇ ਪੈਂਦਾ ਹੈ। ਅਜਿਹੀ ਸਥਿਤੀ 'ਚ ਸਰਕਾਰ ਲਈ ਆਉਣ ਵਾਲੇ ਦਿਨਾਂ 'ਚ ਥੋਕ ਮਹਿੰਗਾਈ ਦਰ ਨੂੰ ਕੰਟਰੋਲ 'ਚ ਰੱਖਣਾ ਚੁਣੌਤੀਪੂਰਨ ਹੋਵੇਗਾ। ਸਰਕਾਰ ਨੂੰ ਸਪਲਾਈ ਸੁਧਾਰਨ ਖਾਸ ਕਰਕੇ ਖਾਧ ਚੀਜ਼ਾਂ ਦੀ ਸਪਲਾਈ ਸੁਚਾਰੂ ਰੱਖਣ 'ਤੇ ਜ਼ੋਰ ਦੇਣਾ ਹੋਵੇਗਾ।

ਇਸ ਸਾਲ ਮਾਰਚ 'ਚ ਸਬਜ਼ੀਆਂ ਦੀ ਮਹਿੰਗਾਈ ਦਰ 28.13 ਫ਼ੀਸਦੀ ਰਹੀ, ਜਦਕਿ ਫਰਵਰੀ 'ਚ ਇਹ 6.82 ਫ਼ੀਸਦੀ ਸੀ। ਹਾਲਾਂਕਿ ਆਲੂ ਦੀ ਮਹਿੰਗਾਈ ਦਰ ਮਾਰਚ 'ਚ ਘੱਟ ਕੇ 1.30 ਫ਼ੀਸਦੀ ਰਹਿ ਗਈ, ਜਦਕਿ ਫਰਵਰੀ 'ਚ ਇਹ 23.40 ਫ਼ੀਸਦੀ ਸੀ। ਇਸੇ ਤਰ੍ਹਾਂ ਦਾਲਾਂ ਦੀ ਮਹਿੰਗਾਈ ਦਰ ਮਾਰਚ 'ਚ 10.63 ਫ਼ੀਸਦੀ ਤੇ ਆਲੂ ਦੀ 10.13 ਫ਼ੀਸਦੀ ਦਰਜ ਕੀਤੀ ਗਈ। ਪ੍ਰਰੋਟੀਨਯੁਕਤ ਚੀਜ਼ਾਂ ਜਿਵੇਂ ਅੰਡਾ, ਮੀਟ ਤੇ ਫਿਸ਼ ਦੀ ਮਹਿੰਗਾਈ ਦਰ ਵੀ ਇਸ ਮਹੀਨੇ ਘੱਟ ਕੇ 5.86 ਫ਼ੀਸਦੀ ਰਹਿ ਗਈ। ਉਥੇ ਪਿਆਜ ਦੀਆਂ ਕੀਤਮਾਂ 'ਚ 31.34 ਫ਼ੀਸਦੀ ਤੇ ਫਲਾਂ ਦੀ ਕੀਮਤ 'ਚ 7.62 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਈਂਧਨ ਤੇ ਬਿਜਲੀ ਦੇ ਗਰੁੱਪ ਦੀ ਮਹਿੰਗਾਈ ਦਰ ਮਾਰਚ 'ਚ ਵਧ ਕੇ 5.41 'ਤੇ ਪੁੱਜ ਗਈ, ਜੋ ਫਰਵਰੀ 'ਚ 2.33 ਫ਼ੀਸਦੀ ਸੀ। ਇਸ ਗਰੁੱਪ 'ਚ ਡੀਜ਼ਲ ਦੀ ਮਹਿੰਗਾਈ ਦਰ ਮਾਰਚ 'ਚ 7.33 ਫ਼ੀਸਦੀ ਰਹੀ। ਹਾਲਾਂਕਿ ਪੈਟਰੋਲ ਦੀ ਮਹਿੰਗਾਈ ਦਰ 'ਚ ਥੋੜ੍ਹੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ।

ਬਰਾਮਦ 'ਚ 11 ਫ਼ੀਸਦੀ ਵਾਧਾ

ਵਿਦੇਸ਼ ਵਪਾਰ ਦੇ ਮੋਰਚੇ 'ਤੇ ਸਰਕਾਰ ਲਈ ਰਾਹਤ ਦੀ ਖ਼ਬਰ ਹੈ। ਫਾਰਮਾ, ਕੈਮੀਕਲਜ਼ ਤੇ ਇੰਜੀਨੀਅਰਿੰਗ ਖੇਤਰ 'ਚ ਜ਼ਿਆਦਾ ਵਾਧੇ ਕਾਰਨ ਇਸ ਵਰ੍ਹੇ ਮਾਰਚ 'ਚ ਬਰਾਮਦ 'ਚ 11 ਫ਼ੀਸਦੀ ਦਾ ਉਛਾਲ ਦਰਜ ਕੀਤਾ ਗਿਆ। ਪਿਛਲੇ ਮਹੀਨੇ ਕੁੱਲ 32.55 ਅਰਬ ਡਾਲਰ (ਲਗਪਗ 2.28 ਲੱਖ ਕਰੋੜ ਰੁਪਏ) ਮੁੱਲ ਦੀਆਂ ਚੀਜ਼ਾਂ ਦੀ ਬਰਾਮਦ ਹੋਈ। ਹਾਲਾਂਕਿ ਇਸੇ ਮਹੀਨੇ ਦਰਾਮਦ 'ਚ 1.44 ਫ਼ੀਸਦੀ ਵਾਧਾ ਹੋਇਆ ਤੇ ਇਹ 43.44 ਅਰਬ ਡਾਲਰ ਰਿਹਾ। ਬਰਾਮਦ ਵਧਣ ਤੇ ਦਰਾਮਦ 'ਚ ਹੋਲੀ ਵਾਧੇ ਕਾਰਨ ਇਸ ਸਾਲ ਮਾਰਚ 'ਚ ਵਪਾਰ ਘਾਟਾ ਘਟ ਕੇ 10.89 ਅਰਬ ਡਾਲਰ ਰਹਿ ਗਿਆ ਹੈ, ਜਦਕਿ ਪਿਛਲੇ ਸਾਲ ਸਮਾਨ ਮਹੀਨੇ 'ਚ ਇਹ 13.51 ਅਰਬ ਡਾਲਰ ਸੀ। ਮਾਰਚ 'ਚ ਸੋਨੇ ਦੀ ਦਰਾਮਦ 31.22 ਫ਼ੀਸਦੀ ਵੱਧ ਕੇ 3.27 ਅਰਬ ਡਾਲਰ 'ਤੇ ਪੁੱਜ ਗਈ। ਇਸੇ ਤਰ੍ਹਾਂ ਤੇਲ ਦਰਾਮਦ 'ਚ 5.55 ਫ਼ੀਸਦੀ ਵਾਧਾ ਹੋਇਆ ਤੇ ਇਹ 11.75 ਅਰਬ ਡਾਲਰ ਦਾ ਰਿਹਾ।

ਇਸ ਵਰ੍ਹੇ ਮਾਰਚ 'ਚ ਖ਼ਤਮ ਵਿੱਤੀ ਵਰ੍ਹਾ (2018-19) 'ਚ ਬਰਾਮਦ 'ਚ ਨੌਂ ਫ਼ੀਸਦੀ ਵਾਧਾ ਹੋਇਆ ਤੇ ਇਹ 331 ਅਰਬ ਡਾਲਰ ਰਿਹਾ। ਇਸ ਮਿਆਦ 'ਚ ਦਰਾਮਦ 8.99 ਫ਼ੀਸਦੀ ਵਧ ਕੇ 507.44 ਅਰਬ ਡਾਲਰ 'ਤੇ ਪੁੱਜ ਗਿਆ। ਬੀਤੇ ਵਿੱਤੀ ਵਰ੍ਹੇ 'ਚ ਦੇਸ਼ ਦਾ ਵਪਾਰ ਘਾਟਾ 176.42 ਅਰਬ ਡਾਲਰ ਰਿਹਾ ਹੈ, ਜੋ ਉਸ ਤੋਂ ਪਿਛਲੇ ਵਿੱਤੀ ਵਰ੍ਹੇ ਭਾਵ 2017-18 'ਚ 162 ਅਰਬ ਡਾਲਰ ਸੀ।