ਨਵੀਂ ਦਿੱਲੀ, ਬਿਜ਼ਨਸ ਡੈਸਕ : ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ 'ਤੇ ਵਾਧੇ ਨਾਲ ਬੰਦ ਹੋਈ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 214.33 ਅੰਕ ਚੜ੍ਹ ਕੇ 38434.72 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 59.40 ਅੰਕਾਂ ਦੀ ਤੇਜ਼ੀ ਨਾਲ 11371.60 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿਚੋਂ 30 ਸਟਾਕ ਹਰੇ ਨਿਸ਼ਾਨ ਵਿਚ ਅਤੇ 20 ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੈਕਸ ਸ਼ੁੱਕਰਵਾਰ ਨੂੰ ਲਗਭਗ 250 ਅੰਕ ਦੇ ਵਾਧੇ ਨਾਲ 38,471.93 ਅੰਕ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 97.45 ਅੰਕਾਂ ਦੀ ਤੇਜ਼ੀ ਨਾਲ 11409.65 ਦੇ ਪੱਧਰ 'ਤੇ ਖੁੱਲ੍ਹਿਆ।

ਦਿੱਗਜ ਸ਼ੇਅਰਾਂ ਵਿੱਚ ਅੱਜ ਐੱਨਟੀਪੀਸੀ, ਏਸ਼ੀਅਨ ਪੇਂਟਸ, ਪਾਵਰ ਗਰਿੱਡ, ਐੱਚਡੀਐੱਫਸੀ ਬੈਂਕ, ਹੀਰੋ ਮੋਟੋਕਾਰਪ, ਨੇਸਲੇ ਇੰਡੀਆ, ਇੰਫਰਾਟਲ ਦੇ ਸ਼ੇਅਰ ਅੱਜ ਹਰੀ ਨਿਸ਼ਾਨ 'ਤੇ ਬੰਦ ਹੋਏ। ਬਜਾਜ ਫਾਈਨੈਂਸ, ਬਜਾਜ ਫਿਨਸਰਵ, ਸਿਪਲਾ, ਵਿਪਰੋ, ਟੀਸੀਐੱਸ, ਆਈਓਸੀ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।

ਘਰੇਲੂ ਸਟਾਕ ਮਾਰਕੀਟ 'ਚ ਭਾਰੀ ਖਰੀਦ ਕਾਰਨ ਨਿਵੇਸ਼ਕਾਂ ਦੀਆਂ ਭਾਵਨਾਵਾਂ ਮਜ਼ਬੂਤ ਹੋਣ ਨਾਲ ਸ਼ੁੱਕਰਾਵਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 18 ਪੈਸੇ ਵੱਧ ਕੇ 74.84 (ਆਰਜ਼ੀ) ਦੇ ਪੱਧਰ 'ਤੇ ਬੰਦ ਹੋਇਆ। ਘਰੇਲੂ ਕਰੰਸੀ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ 74.84 ਦੇ ਪੱਧਰ 'ਤੇ ਬੰਦ ਹੋਈ, ਜੋ ਇਸਦੇ ਪਿਛਲੇ ਬੰਦ ਮੁੱਲ 75.02 ਦੇ ਮੁਕਾਬਲੇ 18 ਪੈਸੇ ਦੇ ਵਾਧੇ ਨੂੰ ਦਰਸਾਉਂਦਾ ਹੈ। ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ 74.84 ਦੇ ਉੱਚ ਪੱਧਰ ਨੂੰ ਅਤੇ 74.96 ਦੇ ਹੇਠਲੇ ਪੱਧਰ ਨੂੰ ਵੇਖਿਆ।

ਸੈਕਟਰਲ ਇੰਡੈਕਸ ਵਿਚ ਅੱਜ ਧਾਤ, ਮੀਡੀਆ ਅਤੇ ਆਈਟੀ ਦੇ ਵਾਧੂ ਸਾਰੇ ਸੈਕਟਰਸ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ ਵਿਚ ਫਾਰਮਾ, ਰੀਅਲਟੀ, ਬੈਂਕ, ਪੀਐੱਸਯੂ ਬੈਂਕ, ਵਿੱਤ ਸੇਵਾ, ਪ੍ਰਾਈਵੇਟ ਬੈਂਕ, ਆਟੋ ਅਤੇ ਐੱਫਐੱਮਸੀਜੀ ਸ਼ਾਮਲ ਹਨ।

ਸਟਾਕ ਮਾਰਕੀਟ ਪਿਛਲੇ ਕਾਰੋਬਾਰੀ ਦਿਨ ਭਾਰੀ ਗਿਰਾਵਟ 'ਤੇ ਬੰਦ ਹੋਈ ਸੀ। ਸੈਂਸੈਕਸ 394.40 ਅੰਕਾਂ ਦੀ ਗਿਰਾਵਟ ਨਾਲ 38220.39 'ਤੇ ਬੰਦ ਹੋਇਆ ਸੀ। ਨਿਫਟੀ 96.20 ਅੰਕ ਦੀ ਗਿਰਾਵਟ ਦੇ ਨਾਲ 11312.20 ਦੇ ਪੱਧਰ 'ਤੇ ਬੰਦ ਹੋਇਆ ਸੀ।

Posted By: Sunil Thapa