ਨਵੀਂ ਦਿੱਲੀ (ਪੀਟੀਆਈ) : ਜੀਵਨ ਬੀਮਾ ਕੰਪਨੀਆਂ ਨੂੰ ਨਵੇਂ ਬੀਮੇ ਤੋਂ ਮਿਲਣ ਵਾਲੇ ਪ੍ਰੀਮੀਅਮ ’ਚ ਜੁਲਾਈ ’ਚ 91 ਫੀਸਦੀ ਦਾ ਵਾਧਾ ਹੋਇਆ ਹੈ। ਇਰਡਾ ਦੇ ਡਾਟਾ ਅਨੁਸਾਰ ਪਿਛਲੇ ਮਹੀਨੇ ਜੀਵਨ ਬੀਮਾ ਕੰਪਨੀਆਂ ਨੂੰ ਨਵੇਂ ਪ੍ਰੀਮੀਅਮ ਦੇ ਤੌਰ ’ਤੇ 39078.91 ਕਰੋਡ਼ ਰੁਪਏ ਮਿਲੇ ਹਨ। ਪਿਛਲੇ ਸਾਲ ਬਰਾਬਰ ਮਿਆਦ ’ਚ ਸਾਰੀਆਂ 24 ਜੀਵਨ ਬੀਮਾ ਕੰਪਨੀਆਂ ਨੂੰ ਨਵੇਂ ਪ੍ਰੀਮੀਅਮ ਵਜੋਂ 20434.72 ਕਰੋਡ਼ ਰੁਪਏ ਮਿਲੇ ਹਨ।

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਦਾ ਜੁਲਾਈ ’ਚ ਨਵੇਂ ਪ੍ਰੀਮੀਅਮ ਤੋਂ ਮਿਲਣ ਵਾਲਾ ਮਾਲੀਆ ਦੁੱਗਣਾ ਵਧ ਕੇ 29116.68 ਕਰੋਡ਼ ਰੁਪਏ ਰਿਹਾ ਹੈ। ਜੁਲਾਈ 2021 ’ਚ ਐੱਲਆਈਸੀ ਨੂੰ ਨਵੇਂ ਪ੍ਰੀਮੀਅਮ ਵਜੋਂ 12030.93 ਕਰੋਡ਼ ਰੁਪਏ ਮਿਲੇ ਸਨ। ਜੀਵਨ ਬੀਮਾ ਬਾਜ਼ਾਰ ’ਚ ਐੱਲਆਈਸੀ ਦੀ 68.6 ਫੀਸਦੀ ਹਿੱਸੇਦਾਰੀ ਹੈ। ਹੋਰਨਾਂ 23 ਕੰਪਨੀਆਂ ਦੇ ਨਵੇਂ ਪ੍ਰੀਮੀਅਮ ਮਾਲੀਏ ’ਚ ਸਾਂਝੇ ਤੌਰ ’ਤੇ 19 ਫੀਸਦੀ ਦਾ ਵਾਧਾ ਰਿਹਾ ਹੈ ਤੇ ਇਨ੍ਹਾਂ ਨੂੰ 9962.22 ਕਰੋਡ਼ ਰੁਪਏ ਦਾ ਪ੍ਰੀਮੀਅਮ ਮਿਲਿਆ ਹੈ। ਜੁਲਾਈ 2021 ’ਚ ਇਨ੍ਹਾਂ ਕੰਪਨੀਆਂ ਨੂੰ ਨਵੇਂ ਪ੍ਰੀਮੀਅਮ ਵਜੋਂ 8403.79 ਕਰੋਡ਼ ਰੁਪਏ ਮਿਲੇ ਹਨ। ਡਾਟਾ ਅਨੁਸਾਰ ਵਿੱਤੀ ਸਾਲ 2022-23 ਦੇ ਪਹਿਲੇ ਚਾਰ ਮਹੀਨਿਆਂ (ਅਪ੍ਰੈਲ-ਜੁਲਾਈ) ਦੌਰਾਨ ਸਾਰੀਆਂ ਕੰਪਨੀਆਂ ਦਾ ਨਵਾਂ ਪ੍ਰੀਮੀਅਮ ਮਾਲੀਆ 54 ਫੀਸਦੀ ਵਧ ਕੇ 112753.43 ਕਰੋਡ਼ ਰੁਪਏ ਰਿਹਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ (ਅਪੈ੍ਰਲ-ਜੁਲਾਈ) ਦੌਰਾਨ ਐੱਲਆਈਸੀ ਦਾ ਨਵਾਂ ਪ੍ਰੀਮੀਅਮ ਮਾਲੀਆ 62 ਫੀਸਦੀ ਵਧ ਕੇ 77317.69 ਕਰੋਡ਼ ਰੁਪਏ ਰਿਹਾ ਹੈ। ਇਸ ਮਿਆਦ ’ਚ ਹੋਰਨਾਂ ਕੰਪਨੀਆਂ ਨੂੰ ਨਵੇਂ ਪ੍ਰੀਮੀਅਮ ਵਜੋਂ 35435.75 ਕਰੋਡ਼ ਰੁਪਏ ਮਿਲੇ ਹਨ।

Posted By: Neha Diwan