ਮੁੰਬਈ (ਏਜੰਸੀ) : ਵਿਦੇਸ਼ੀ ਬਾਜ਼ਾਰ ਦੇ ਸਕਾਰਾਤਮਕ ਰੁਝਾਨਾਂ ਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ 'ਚ ਵਾਧੇ ਵਿਚਾਲੇ ਬੈਂਕਿੰਗ ਸ਼ੇਅਰਾਂ ਦੀ ਖ਼ਰੀਦ ਵਧਣ ਨਾਲ ਘਰੇਲੂ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਚੜ੍ਹ ਕੇ ਬੰਦ ਹੋਇਆ। ਬੀਐੱਸਈ ਦਾ ਸੈਂਸੈਕਸ 130.77 ਅੰਕਾਂ ਦੇ ਵਾਧੇ ਨਾਲ 35,980.93 'ਤੇ ਬੰਦ ਹੋਇਆ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 30.35 ਅੰਕਾਂ ਦੇ ਵਾਧੇ ਨਾਲ 10,802.15 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਦੇ ਦੋ ਲਗਾਤਾਰ ਸੈਸ਼ਨਾਂ 'ਚ ਸੈਂਸੈਕਸ 336.45 ਅੰਕ ਮਜ਼ਬੂਤ ਹੋਇਆ ਸੀ।

ਸ਼ੇਅਰ ਖਾਨ ਦੇ ਐਡਵਾਈਜ਼ਰੀ ਮੁਖੀ ਹੇਮਾਂਗ ਜਾਨੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵੱਲੋਂ ਸੋਮਵਾਰ ਨੂੰ ਬੈਂਕਿੰਗ ਸੈਕਟਰ ਦੇ ਪ੍ਰਦਰਸ਼ਨ ਨੂੰ ਲੈ ਕੇ ਸੰਤੋਖ ਜ਼ਾਹਿਰ ਕੀਤੇ ਜਾਣ ਮਗਰੋਂ ਬੈਂਕਿੰਗ ਸ਼ੇਅਰਾਂ 'ਚ ਨਿਵੇਸ਼ਕਾਂ ਦੀ ਵੱਧ ਰੂਚੀ ਵੇਖੀ ਗਈ। ਆਰਬੀਆਈ ਦੇ ਗਵਰਨਰ ਨੇ ਕਿਹਾ ਸੀ ਕਿ ਫਸੇ ਕਰਜ਼ 'ਚ ਗਿਰਾਵਟ ਆਈ ਹੈ ਤੇ ਸਰਕਾਰੀ ਬੈਂਕਾਂ ਦੇ ਫਸੇ ਕਰਜ਼ 'ਚ ਖਾਸ ਤੌਰ 'ਤੇ ਕਮੀ ਆਈ ਹੈ। ਜਿਓਜਿਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਫਸੇ ਕਰਜ਼ ਦੇ ਹੱਲ 'ਚ ਤਰੱਕੀ, ਪੂੰਜੀ ਨਿਵੇਸ਼ ਹੋਣ ਤੇ ਸ਼ੇਅਰ ਭਾਅ ਘੱਟ ਰਹਿਣ ਕਾਰਨ ਬੈਂਕਿੰਗ ਸ਼ੇਅਰਾਂ 'ਚ ਕਾਫੀ ਤੇਜ਼ੀ ਰਹੀ। ਤਿਮਾਹੀ ਕਾਰਪੋਰੇਟ ਨਤੀਜੇ ਆਉਣ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ, ਹਾਲਾਂਕਿ ਅਮਰੀਕਾ-ਚੀਨ ਵਪਾਰ ਗੱਲਬਾਤ ਨਾਲ ਉਨ੍ਹਾਂ ਨੂੰ ਕੁਝ ਸਕਾਰਾਤਮਕ ਉਮੀਦ ਹੈ।

ਸੈਂਸੈਕਸ 'ਚ ਸਨ ਫਾਰਮਾ 'ਚ ਸਭ ਤੋਂ ਵੱਧ 3.98 ਫ਼ੀਸਦੀ ਤੇਜ਼ੀ ਰਹੀ ਤੇ ਕੋਟਕ ਮਹਿੰਦਰਾ ਬੈਂਕ 'ਚ ਸਭ ਤੋਂ ਵੱਧ 1.23 ਫ਼ੀਸਦੀ ਗਿਰਾਵਟ ਰਹੀ। ਬਲੂਚਿਪ ਬੈਂਕਿੰਗ ਸ਼ੇਅਰਾਂ 'ਚ ਆਈਸੀਆਈਸੀਆਈ ਬੈਂਕ, ਐੱਸਬੀਆਈ, ਯੈੱਸ ਬੈਂਕ, ਐਕਸਿਸ ਬੈਂਕ ਤੇ ਇੰਡਸਇੰਡ ਬੈਂਕ 'ਚ 3.46 ਫ਼ੀਸਦੀ ਤਕ ਤੇਜ਼ੀ ਰਹੀ। ਰਲੇਵੇਂ ਦੀ ਯੋਜਨਾ ਦਾ ਐਲਾਨ ਕੀਤੇ ਜਾਣ ਮਗਰੋਂ ਗਰੂਪ ਫਾਈਨਾਂਸ ਤੇ ਬੰਧਨ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਰਹੀ। ਬੀਐੱਸਈ 'ਤੇ ਗਰੂਹ ਫਾਈਨਾਂਸ 16.39 ਫ਼ੀਸਦੀ ਤੇ ਬੰਧਨ ਬੈਂਕ 4.80 ਫ਼ੀਸਦੀ ਡਿੱਗਾ।

ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ ਵਧਣ ਨਾਲ ਬਾਜ਼ਾਰ ਦਾ ਕਾਰੋਬਾਰੀ ਮਾਹੌਲ ਮਜ਼ਬੂਤ ਹੋਇਆ। ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 736.18 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖ਼ਰੀਦ ਕੀਤੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ 141.97 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ ਕੀਤੀ ਸੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਟੈਲੀਕਾਮ ਸੈਕਟਰ 'ਚ ਸਭ ਤੋਂ ਵੱਧ 1.34 ਫ਼ੀਸਦੀ ਤੇ ਬੈਂਕਿੰਗ ਸੈਕਟਰ 'ਚ 1.31 ਫ਼ੀਸਦੀ ਉਛਾਲ ਰਿਹਾ। ਯੂਟੀਲਿਟੀਜ਼ 'ਚ ਸਭ ਤੋਂ ਵੱਧ 0.36 ਫ਼ੀਸਦੀ ਤੇ ਕੈਪੀਟਲ ਗੁਡਸ 0.35 ਫ਼ੀਸਦੀ ਗਿਰਾਵਟ ਰਹੀ। ਰੁਪਇਆ ਇਸ ਵਿਚਾਲੇ 53 ਪੈਸੇ ਕਮਜ਼ੋਰ ਹੋ ਕੇ ਡਾਲਰ ਦੇ ਮੁਕਾਬਲੇ 70.21 'ਤੇ ਬੰਦ ਹੋਇਆ।

ਏਸੀਆ ਦੇ ਹੋਰ ਬਾਜ਼ਾਰਾਂ 'ਚ ਮੋਟੇ ਤੌਰ 'ਤੇ ਮਜ਼ਬੂਤੀ ਦਾ ਰੁਝਾਨ ਰਿਹਾ। ਜਾਪਾਨ ਦਾ ਨਿੱਕੇਈ 0.82 ਫ਼ੀਸਦੀ, ਹਾਂਗਕਾਂਗ ਦਾ ਹੈਂਗਸੈਂਗ 0.10 ਫ਼ੀਸਦੀ ਤੇ ਸਿੰਗਾਪੁਰ ਦਾ ਇੰਡੈਕਸ 0.57 ਫ਼ੀਸਦੀ ਵੱਧ ਕੇ ਬੰਦ ਹੋਇਆ। ਹਾਲਾਂਕਿ ਸ਼ੰਘਾਈ ਕੰਪੋਜਿਟ ਇੰਡੈਕਸ 'ਚ 0.26 ਫ਼ੀਸਦੀ ਤੇ ਕੋਰੀਆ ਦੇ ਕੋਸਪੀ 'ਚ 0.58 ਫ਼ੀਸਦੀ ਗਿਰਾਵਟ ਰਹੀ।