ਪੀਟੀਆਈ, ਨਵੀਂ ਦਿੱਲੀ : ਭਾਰਤ ਸਰਕਾਰ ਚਾਰ ਲੇਬਰ ਕੋਡਜ਼ ਨੂੰ ਦਸੰਬਰ ਮਹੀਨੇ 'ਚ ਇਕੋ ਸਮੇਂ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੁਆਰਾ ਦਿੱਤੀ ਗਈ ਹੈ। ਧਿਆਨ ਦੇਣ ਯੋਗ ਹੈ ਕਿ ਹਾਲ ਹੀ 'ਚ ਸੰਸਦ 'ਚ ਤਿੰਨ ਲੇਬਰ ਕੋਡ ਬਿੱਲਾਂ ਨੂੰ ਪਾਸ ਕੀਤਾ ਗਿਆ ਸੀ। ਇਸ 'ਚ ਉਦਯੋਗਿਕ ਸਬੰਧਾਂ ਦਾ ਕੋਡ, ਸਮਾਜਿਕ ਸੁਰੱਖਿਆ ਕੋਡ ਅਤੇ ਵਿਵਸਾਇਕ ਸੁਰੱਖਿਆ, ਸਿਹਤ ਸੁਰੱਖਿਆ ਤੇ ਕਾਰਜ ਸਥਿਤੀ ਕੋਡ ਸ਼ਾਮਿਲ ਹਨ। ਇਨ੍ਹਾਂ ਲੇਬਰ ਕੋਡਜ਼ ਨੂੰ ਲਾਗੂ ਕਰਨ ਨਾਲ ਕਿਰਤੀ ਖੇਤਰ 'ਚ ਸੁਧਾਰਾਂ ਦਾ ਅੰਤਿਮ ਚਰਣ ਪੂਰਾ ਹੋਵੇਗਾ।

ਹਾਲ ਹੀ 'ਚ ਸਮਾਪਤ ਹੋਏ ਸੰਸਦ ਦੇ ਸੈਸ਼ਨ 'ਚ ਪਾਸ ਹੋਏ ਇਨ੍ਹਾਂ ਤਿੰਨ ਲੇਬਰ ਕੋਡ ਦੇ ਬਿੱਲਾਂ ਤੋਂ ਇਲਾਵਾ ਚੌਥਾ ਲੇਬਰ ਬਿੱਲ ਤਨਖ਼ਾਹ ਕੋਡ ਬਿੱਲ ਹੈ, ਜੋ ਪਿਛਲੇ ਸਾਲ ਸੰਸਦ 'ਚ ਪਾਸ ਹੋਇਆ ਸੀ। ਹਾਲਾਂਕਿ, ਇਸ ਬਿੱਲ ਨੂੰ ਲਾਗੂ ਹੋਣ ਤੋਂ ਰੋਕ ਲਿਆ ਗਿਆ ਸੀ। ਹੁਣ ਕਿਰਤ ਮੰਤਰਾਲਾ ਇਨ੍ਹਾਂ ਚਾਰਾਂ ਕੋਡਜ਼ ਨੂੰ ਇਕੋ ਸਮੇਂ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਚਾਰੋਂ ਕੋਡ ਆਪਸ 'ਚ ਇਕ-ਦੂਜੇ ਨਾਲ ਜੁੜੇ ਹਨ।

ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ, 'ਕੇਂਦਰ ਸਰਕਾਰ ਕਿਰਤ ਸੁਧਾਰਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਚਾਰੋਂ ਲੇਬਰ ਕੋਡਜ਼ ਨੂੰ ਦਸੰਬਰ ਤਕ ਇਕੋ ਸਮੇਂ ਲਾਗੂ ਕਰਨ ਲਈ ਯਤਨਸ਼ੀਲ ਹੈ।' ਉਦਯੋਗਿਕ ਸਬੰਧ ਕੋਡ, ਸਮਾਜਿਕ ਸੁਰੱਖਿਆ ਕੋਡ ਅਤੇ ਵਿਵਸਾਇਕ ਸੁਰੱਖਿਆ, ਸਿਹਤ ਤੇ ਕਾਰਜ ਸਥਿਤੀ ਕੋਡ 'ਤੇ ਨਿਯਮਾਂ ਦਾ ਇਕਰਾਰਨਾਮਾ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਜਾਰੀ ਹੋ ਸਕਦਾ ਹੈ। ਮੰਤਰਾਲਾ ਇਨ੍ਹਾਂ ਤਿੰਨੋਂ ਕੋਡਜ਼ ਦੇ ਨਾਲ ਹੀ ਤਨਖ਼ਾਹ ਕੋਡ ਦੇ ਨਿਯਮਾਂ ਨੂੰ ਦਸੰਬਰ ਤਕ ਅੰਤਿਮ ਰੂਪ ਦੇਣ ਅਤੇ ਲਾਗੂ ਕਰਨ ਦੀ ਤਿਆਰੀ 'ਚ ਹੈ।

ਇਨ੍ਹਾਂ ਚਾਰ ਲੇਬਰ ਕਾਨੂੰਨਾਂ ਨਾਲ ਕਿਰਤ ਸੁਧਾਰ ਪੂਰੇ ਹੋ ਜਾਣਗੇ। ਸਰਕਾਰ ਕਿਰਤ ਸੁਧਾਰਾਂ ਨੂੰ ਪੂਰਾ ਕਰਕੇ ਵਿਸ਼ਵ ਬੈਂਕ ਦੀ ਕਾਰੋਬਾਰ ਕਰਨ ਦੀ ਆਸਾਨ ਰੈਂਕਿੰਗ 'ਚ ਦੇਸ਼ ਨੂੰ ਟਾਪ-10 'ਚ ਲਿਆਉਣਾ ਚਾਹੁੰਦੀ ਹੈ। ਭਾਰਤ ਇਸ ਰੈਂਕਿੰਗ 'ਚ ਇਸ ਸਾਲ 14 ਸਥਾਨਾਂ ਦੇ ਉਛਾਲ ਦੇ ਨਾਲ 63ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਰੈਂਕਿੰਗ 'ਚ ਸੁਧਾਰ ਨਾਲ ਨਿਵੇਸ਼ ਨੂੰ ਪ੍ਰੋਤਸਾਹਨ ਮਿਲਦਾ ਹੈ ਅਤੇ ਰੁਜ਼ਗਾਰ ਪੈਦਾ ਹੁੰਦੇ ਹਨ।

Posted By: Ramanjit Kaur