ਸ਼ੰਘਾਈ (ਏਜੰਸੀ) : ਅਮਰੀਕਾ-ਚੀਨ ਵਿਚਾਲੇ ਟਰੇਡ ਵਾਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਟੈਸਲਾ ਨੇ ਚੀਨ 'ਚ ਇਲੈਕਟ੍ਰਿਕ ਕਾਰ ਦੇ ਪਲਾਂਟ ਦਾ ਨੀਂਹ ਪੱਥਰ ਰੱਖ ਦਿੱਤਾ। ਅਮਰੀਕਾ ਦੇ ਬਾਹਰ ਟੈਸਲਾ ਦੇ ਪਹਿਲੇ ਪਲਾਂਟ 'ਚ ਉਤਪਾਦਨ ਸ਼ੁਰੂ ਹੋਣ 'ਤੇ ਕੰਪਨੀ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਕਾਰ ਮਾਰਕੀਟ 'ਚ ਸਿੱਧੇ ਵਿਕਰੀ ਕਰ ਸਕੇਗੀ। ਪਲਾਂਟ ਦੇ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਟੈਸਲਾ ਦੇ ਮੁਖੀ ਏਲਨ ਮਸਕ ਨੇ ਕੀਤੀ।

ਪੰਜ ਲੱਖ ਕਾਰ ਉਤਪਾਦਨ ਦੀ ਸਾਲਾਨਾ ਸਮੱਰਥਾ ਵਾਲੇ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਕੈਲੀਫੋਰਨੀਆ ਦੀ ਇਸ ਕੰਪਨੀ ਦੀ ਕੁੱਲ ਸਮੱਰਥਾ ਕਾਫੀ ਵੱਧ ਜਾਵੇਗੀ। ਕੰਪਨੀ ਦੇ ਬਿਆਨ ਅਨੁਸਾਰ ਮਸਕ ਨੇ ਕਿਹਾ ਕਿ ਇਲੈਕਟ੍ਰਿਕ ਕਰ ਅਪਣਾਉਣ ਦੇ ਮਾਮਲੇ 'ਚ ਚੀਨ ਸਭ ਤੋਂ ਅੱਗੇ ਹੈ। ਇਸ ਵਜ੍ਹਾਂ ਨਾਲ ਟੈਸਲਾ ਦੇ ਮਿਸ਼ਨ ਲਈ ਇਹ ਅਹਿਮ ਬਾਜ਼ਾਰ ਹੈ। ਮਸਕ ਨੇ ਹਾਲ 'ਚ ਚੀਨ 'ਚ ਪਲਾਂਟ ਦੇ ਨੀਂਹ ਪੱਥਰ ਰੱਖਣ ਬਾਰੇ ਸੰਕੇਤ ਦਿੱਤੇ ਸਨ ਪਰ ਸੋਮਵਾਰ ਦੇ ਪ੍ਰੋਗਰਾਮ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ। ਟੈਸਲਾ ਮੁਖੀ ਨੇ ਟਵੀਟ ਕਰਕੇ ਹੀ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਉਂਝ ਇਸ ਪਲਾਂਟ 'ਚ ਨਿਵੇਸ਼ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਵਿਸ਼ਲੇਸ਼ਕਾਂ ਨੇ ਇਸ 'ਤੇ ਪੰਜ ਅਰਬ ਡਾਲਰ ਨਿਵੇਸ਼ ਦਾ ਅਨੁਮਾਨ ਲਗਾਇਆ ਹੈ।