ਨਵੀਂ ਦਿੱਲੀ, ਬਿਜਨੈੱਸ ਡੈਸਕ : ਨੌਕਰੀਪੇਸ਼ਾ ਲੋਕਾਂ ਲਈ EPF ਹਮੇਸ਼ਾ ਤੋਂ ਹੀ ਬਚਤ ਤੇ ਨਿਵੇਸ਼ ਦੇ ਕੁਝ ਸਭ ਤੋਂ ਬਿਹਤਰ ਮਾਧਿਅਮਾਂ 'ਚੋਂ ਇਕ ਰਿਹਾ ਹੈ। ਇਸ ਤੋਂ ਇਲਾਵਾ EPF ਖਾਤੇ ਤਹਿਤ ਨੌਕਰੀਪੇਸ਼ਾ ਲੋਕਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦੀ ਸਹੂਲਤ ਵਰਗੇ ਕਈ ਹੋਰ ਫਾਇਦੇ ਵੀ ਮਿਲਦੇ ਹਨ ਤਾਂ ਜੋ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਦੇ ਖਰਚੇ ਮੈਨੇਜ ਹੁੰਦੇ ਰਹਿਣ। ਨਾਲ ਹੀ ਜੇਕਰ ਕਿਸੇ ਦੁਰਘਟਨਾ ਕਾਰਨ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦਸ਼ਾ 'ਚ ਉਸ ਦੀ ਪਤਨੀ ਜਾਂ ਪਤੀ ਤੇ ਬੱਚਿਆਂ ਨੂੰ ਵੀ EPFO ਵੱਲੋਂ ਪੈਨਸ਼ਨ ਦੀ ਸਹੂਲਤ ਦਾ ਲਾਭ ਦਿੱਤਾ ਜਾਂਦਾ ਹੈ। EPFO ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਖਾਤਾਧਾਰਕਾਂ ਨੂੰ ਇਸ ਨਾਲ ਸਬੰਧਿਤ ਜਾਣਕਾਰੀ ਵੀ ਉਪਲਬਧ ਕਰਵਾਈ ਹੈ।

EPFO ਨੇ ਆਪਣੇ ਟਵਿੱਟਰ 'ਤੇ EPS95 ਸਕੀਮ ਤਹਿਤ ਖਾਤਾਧਾਰਕ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਜਾਂ ਪਤੀ ਤੇ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਬਾਰੇ ਜਾਣੂ ਕਰਵਾਇਆ ਹੈ। ਆਓ ਜਾਣਦੇ ਹਾਂ ਕਿ EPS95 ਸਕੀਮ ਤਹਿਤ ਵਿਧਵਾ ਤੇ ਬੱਚਿਆਂ ਨੂੰ ਕਿੰਨੀ ਪੈਨਸ਼ਨ ਮਿਲਦੀ ਹੈ।

ਵਿੰਡੋ/ਵਿਡੋਵਰ ਨੂੰ ਮਿਲਣ ਵਾਲੀ ਪੈਨਸ਼ਨ

EPF ਦੀ EPS95 ਸਕੀਮ ਤਹਿਤ ਜੇਕਰ ਸਰਵਿਸ ਪੀਰੀਅਡ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਸ਼ਾ 'ਚ ਖਾਤਾ ਧਾਰਕ ਦੀ ਪਤਨੀ ਜਾਂ ਪਤੀ ਹਰ ਮਹੀਨੇ ਘੱਟ ਤੋਂ ਘੱਟ 1 ਹਜ਼ਾਰ ਰੁਪਏ ਦੀ ਪੈਨਸ਼ਨ ਦਾ ਹੱਕਦਾਰ ਹੋਵੇਗਾ। ਦੂਜੇ ਪਾਸੇ ਜੇਕਰ ਪੈਨਸ਼ਨਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਸਥਿਤੀ 'ਚ ਪੈਨਸ਼ਨਧਾਰਕ ਦੀ ਪਤਨੀ ਜਾਂ ਪਤੀ ਨੂੰ ਉਸ ਦੀ ਪੈਨਸ਼ਨ ਦਾ ਅੱਧਾ ਹਿੱਸਾ ਭਾਵ 50 ਫੀਸਦੀ ਦਿੱਤਾ ਜਾਂਦਾ ਹੈ।

ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ

ਖਾਤਾ ਧਾਰਕ ਦੀ ਮੌਤ ਹੋ ਜਾਣ 'ਤੇ ਉਸ ਦੀ ਪਤਨੀ ਜਾਂ ਪਤੀ ਨੂੰ ਪੈਨਸ਼ਨ ਦੀ ਜੋ ਰਕਮ ਦਿੱਤੀ ਜਾਂਦੀ ਹੈ ਉਸ 'ਚੋਂ 25 ਫੀਸਦੀ ਹਿੱਸਾ ਉਸ ਦੇ ਬੱਚਿਆਂ ਨੂੰ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਇਸ ਪੈਨਸ਼ਨ ਸਹੂਲਤ ਦਾ ਲਾਭ ਸਿਰਫ ਉਨ੍ਹਾਂ ਦੀ 25 ਸਾਲ ਦੀ ਉਮਰ ਤਕ ਹੀ ਹਾਸਲ ਹੁੰਦਾ ਹੈ।

Posted By: Ravneet Kaur