ਮੁੰਬਈ (ਏਜੰਸੀ) : ਚੋਣ ਤੇ ਟਰੇਡ ਵਾਰ ਦੀ ਬੇਭਰੋਸਗੀ ਕਾਰਨ ਬੁੱਧਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ ਸੈਂਸੈਕਸ 203.65 ਅੰਕਾਂ ਦੀ ਗਿਰਾਵਟ ਨਾਲ 37,114.88 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 65.05 ਅੰਕਾਂ ਦੀ ਗਿਰਾਵਟ ਨਾਲ 11,157 'ਤੇ ਬੰਦ ਹੋਇਆ।

ਇਸ ਤੋਂ ਪਹਿਲਾਂ ਨੌਂ ਸੈਸ਼ਨਾਂ ਦੀ ਲਗਾਤਾਰ ਗਿਰਾਵਟ ਮਗਰੋਂ ਮੰਗਲਵਾਰ ਨੂੰ ਬਾਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ ਸੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਨਿਵੇਸ਼ਕ ਹੁਣ ਵੀ ਪੋਰਟਫੋਲੀਓ ਵਿਸਥਾਰ ਤੋਂ ਕਤਰਾ ਰਹੇ ਹਨ ਤੇ ਹਰ ਤੇਜ਼ੀ ਦੀ ਵਰਤੋਂ ਮੁਨਾਫਾਵਸੂਲੀ 'ਚ ਕਰ ਰਹੇ ਹਨ। ਸੈਂਸੈਕਸ 'ਚ ਯੈੱਸ ਬੈਂਕ 'ਚ ਸਭ ਤੋਂ ਵੱਧ 8.01 ਫ਼ੀਸਦੀ ਤੇ ਟਾਟਾ ਮੋਟਰਜ਼ 'ਚ ਵੀ ਅੱਠ ਫ਼ੀਸਦੀ ਗਿਰਾਵਟ ਰਹੀ। ਦੂਜੇ ਪਾਸੇ ਬਜਾਜ ਫਾਈਨਾਂਸ 'ਚ ਸਭ ਤੋਂ ਵੱਧ 4.11 ਫ਼ੀਸਦੀ ਤੇਜ਼ੀ ਰਹੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਧਾਤੂ ਸੈਕਟਰ 'ਚ ਸਭ ਤੋਂ ਵੱਧ 2.08 ਫ਼ੀਸਦੀ ਗਿਰਾਵਟ ਰਹੀ, ਜਦਕਿ ਰਿਆਲਿਟੀ ਸੈਕਟਰ 'ਚ ਸਭ ਤੋਂ ਵੱਧ 0.24 ਫ਼ੀਸਦੀ ਤੇਜ਼ੀ ਰਹੀ।

ਸ਼ੇਅਰ ਖਾਨ ਦੇ ਐਡਵਾਈਜ਼ਰੀ ਮੁਖੀ ਹੇਮਾਂਗ ਜਾਨੀ ਨੇ ਕਿਹਾ ਕਿ ਕੌਮਾਂਤਰੀ ਅਰਥਵਿਵਸਥਾ ਦੇ ਵਿਕਾਸ ਤੇ ਅਮਰੀਕਾ-ਚੀਨ ਦੀ ਟਰੇਡ ਵਾਰ ਨੂੰ ਲੈ ਕੇ ਨਿਵੇਸ਼ਕ ਹੁਣ ਵੀ ਸ਼ੱਕ ਨਾਲ ਘਿਰੇ ਹੋਏ ਹਨ। ਕੱਚੇ ਤੇਲ ਦੀ ਉੱਚੀ ਕੀਮਤ ਵਿੱਤੀ ਘਾਟੇ ਨੂੰ ਵਧਾ ਸਕਦੀ ਹੈ, ਜਿਸ ਨਾਲ ਨਵੀਂ ਸਰਕਾਰ ਨੂੰ ਇਨਫਰਾਸਟਰੱਕਚਰ ਖਰਚ ਘਟਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 2,011.85 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ ਕੀਤੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ 2,242.91 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖ਼ਰੀਦਦਾਰੀ ਕੀਤੀ। ਏਸ਼ੀਆ ਦੇ ਪ੍ਰਮੁੱਖ ਬਾਜ਼ਾਰਾਂ 'ਚ ਚੀਨ, ਜਾਪਾਨ ਤੇ ਕੋਰੀਆ ਦੇ ਬਾਜ਼ਾਰਾਂ 'ਚ ਤੇਜ਼ੀ ਦਰਜ ਕੀਤੀ ਗਈ। ਯੂਰਪੀ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦਾ ਰੁਝਾਨ ਦਿਖਿਆ।

ਅਧਿਕਾਰੀਆਂ ਦੇ ਅਸਤੀਫ਼ੇ ਮਗਰੋਂ ਜੈੱਟ ਏਅਰਵੇਜ਼ 4.18 ਫ਼ੀਸਦੀ ਟੁੱਟਿਆ

ਚਾਰ ਸੀਨੀਅਰ ਅਧਿਕਾਰੀਆਂ ਦੇ ਅਸਤੀਫ਼ੇ ਮਗਰੋਂ ਬੁੱਧਵਾਰ ਨੂੰ ਜੈੱਟ ਏਅਰਵੇਜ਼ ਦੇ ਸ਼ੇਅਰਾਂ 'ਚ ਬੀਐੱਸਈ 'ਤੇ 4.18 ਫ਼ੀਸਦੀ ਗਿਰਾਵਟ ਰਹੀ। ਕੰਪਨੀ ਦੇ ਸ਼ੇਅਰ 123.70 ਰੁਪਏ 'ਤੇ ਬੰਦ ਹੋਏ। ਮੰਗਲਵਾਰ ਨੂੰ ਜੈੱਟ ਏਅਰਵੇਜ਼ 'ਚ ਸੱਤ ਫ਼ੀਸਦੀ ਤੋਂ ਵੱਧ ਤੇ ਸੋਮਵਾਰ ਨੂੰ ਇਸ 'ਚ ਅੱਠ ਫ਼ੀਸਦੀ ਤੋਂ ਵੱਧ ਗਿਰਾਵਟ ਰਹੀ ਸੀ।

ਯੂਨੀਅਨ ਬੈਂਕ ਆਫ਼ ਇੰਡੀਆ 10 ਫ਼ੀਸਦੀ ਤੋਂ ਵੱਧ ਤਿਲਕਿਆ

ਪਿਛਲੀ ਤਿਮਾਹੀ 'ਚ ਘਾਟੇ 'ਚ ਵਾਧਾ ਦਰਜ ਕਰਨ ਮਗਰੋਂ ਯੂਨੀਅਨ ਬੈਂਕ ਆਫ਼ ਇੰਡੀਆ ਦੇ ਸ਼ੇਅਰਾਂ 'ਚ ਬੀਐੱਸਈ 'ਤੇ 10.03 ਫ਼ੀਸਦੀ ਗਿਰਾਵਟ ਰਹੀ। ਬੈਂਕ ਦੇ ਸ਼ੇਅਰ 71.30 ਰੁਪਏ 'ਤੇ ਬੰਦ ਹੋਏ। ਬੈਂਕ ਨੇ ਮੰਗਲਵਾਰ ਨੂੰ ਪਿਛਲੀ ਜਨਵਰੀ-ਮਾਰਚ ਤਿਮਾਹੀ 'ਚ 3,370 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ।