ਨਵੀਂ ਦਿੱਲੀ : ਵਿੱਤੀ ਵਰ੍ਹੇ 2018-19 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਜੋ ਗਿਰਾਵਟ ਆਈ ਸੀ, ਉਹ ਅੱਗੇ ਵੀ ਜਾਰੀ ਰਹਿ ਸਕਦੀ ਹੈ। ਚੋਣਾਂ ਨਾਲ ਸਬੰਧਤ ਬੇਭਰੋਸਗੀਆਂ ਇਸ ਦੀ ਵਜ੍ਹਾ ਹੋਣਗੀਆਂ। ਡਨ ਐਂਡ ਬਰੈਡਸਟ੍ਰੀਟ (ਡੀਐਂਡਬੀ) ਦੇ ਤਾਜ਼ਾ ਆਰਥਿਕ ਅਨੁਮਾਨ ਮੁਤਾਬਕ ਖ਼ਪਤ ਦੀ ਕਮਜ਼ੋਰ ਮੰਗ ਤੇ ਆਮ ਚੋਣਾਂ ਨਾਲ ਜੁੜੀਆਂ ਬੇਭਰੋਸਗੀਆਂ ਦਾ ਅਸਰ ਭਾਰਤ ਦੇ ਉਦਯੋਗਿਕ ਉਤਪਾਦਨ 'ਤੇ ਨਜ਼ਰ ਆਵੇਗਾ। ਡੀਐਂਡਬੀ ਨੇ ਸ਼ੰਕਾ ਪ੍ਰਗਟਾਈ ਹੈ ਕਿ ਮਾਰਚ, 2019 'ਚ ਉਦਯੋਗਿਕ ਉਤਪਾਦਨ ਸੂਚਕਾਂਕ (ਆਈਆਈਪੀ) 'ਚ ਨੂੰ1-1.5 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ। ਡੀਐਂਡਬੀ ਇੰਡੀਆ ਦੇ ਮੁੱਖ ਅਰਥਸ਼ਾਸਤਰੀ ਅਰੁਣ ਸਿੰਘ ਨੇ ਕਿਹਾ ਕਿ ਘਰੇਲੂ ਮੁੱਦਿਆਂ ਤੇ ਕੌਮਾਂਤਰੀ ਬੇਭਰੋਸਗੀਆਂ ਕਾਰਨ ਬੀਤੇ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਦੀ ਆਰਥਿਕ ਸੁਸਤੀ ਅੱਗੇ ਵੀ ਜਾਰੀ ਰਹਿ ਸਕਦੀ ਹੈ। ਮਹਿੰਗਾਈ ਦਾ ਘੱਟ ਰਹਿਣਾ ਵੀ ਕਮਜ਼ੋਰ ਮੰਗ ਦਾ ਇਕ ਸੰਕੇਤ ਹੈ। ਫਿਲਹਾਲ ਚੋਣਾਂ ਸਬੰਧੀ ਬੇਭਰੋਸਗੀਆਂ ਦਾ ਦਬਾਅ ਆਰਥਿਕ ਗਤੀਵਿਧੀਆਂ 'ਤੇ ਦਿਖ ਸਕਦਾ ਹੈ। ਕੌਮਾਂਤਰੀ ਸੁਸਤੀ ਨਾਲ ਨਜਿੱਠਣਾ ਦੇਸ਼ ਲਈ ਮੁਸ਼ਕਲ ਹੋ ਸਕਦਾ ਹੈ। ਇਸ ਲਈ ਘਰੇਲੂ ਮੰਗ ਵਧਾਉਣਾ ਤੇ ਏਅਰਲਾਈਨ, ਬਿਜਲੀ ਤੇ ਬੈਂਕਿੰਗ ਤੇ ਨਾਨ-ਬੈਂਕਿੰਗ ਫਾਈਨਾਂਸ਼ੀਅਲ ਕੰਪਨੀਜ਼ ਵਰਗੇ ਰਣਨੀਤਿਕ ਸੈਕਟਰਾਂ ਦੇ ਮੁੱਦਿਆਂ ਦਾ ਨਿਰਾਕਰਨ ਜ਼ਰੂਰੀ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਝ ਖਾਧ ਚੀਜ਼ਾਂ ਦੀ ਕੀਮਤ 'ਚ ਭਾਵੇਂ ਵਾਧਾ ਵੇਖਿਆ ਜਾ ਰਿਹਾ ਹੈ, ਪਰ ਕੁਝ ਹੋਰ ਸੈਗਮੈਂਟ 'ਚ ਕੀਮਤ ਘਟਣ ਨਾਲ ਸਮੂਹਿਕ ਮਹਿੰਗਾਈ ਘੱਟ ਰਹਿ ਸਕਦੀ ਹੈ। ਤੇਲ ਦੀ ਕੀਮਤ ਵਧਣ ਤੇ ਅਲ ਨੀਨੋ ਦੀ ਸਥਿਤੀ ਮਜ਼ਬੂਤ ਹੋਣ ਨਾਲ ਜੂਨ ਤੇ ਜੁਲਾਈ 'ਚ ਬਾਰਿਸ਼ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਗ਼ੈਰ ਪ੍ਰਮੁੱਖ ਸੈਗਮੈਂਟ 'ਚ ਮਹਿੰਗਾਈ ਦਾ ਦਬਾਅ ਵੱਧ ਸਕਦਾ ਹੈ।

ਰਿਪੋਰਟ ਮੁਤਾਬਕ ਇਸ ਮਹੀਨੇ ਰਿਟੇਲ ਮਹਿੰਗਾਈ ਦਰ 2.7-2.9 ਫ਼ੀਸਦੀ ਤੇ ਥੋਕ ਮਹਿੰਗਾਈ 2.8-3 ਫ਼ੀਸਦੀ ਰਹਿਣ ਦਾ ਅਨੁਮਾਨ ਹੈ।