ਮੁੰਬਈ (ਪੀਟੀਆਈ) : ਭਾਰਤ ਦੇ ਤੇਜ਼ ਵਿਕਾਸ ਦੇ ਵਿਸ਼ਵ ਬੈਂਕ ਦੇ ਅਨੁਮਾਨ 'ਤੇ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਿਚ ਲਗਾਤਾਰ ਚੌਥੇ ਦਿਨ ਵੀ ਤੇਜ਼ੀ ਦਰਜ ਕੀਤੀ ਗਈ। ਅਮਰੀਕਾ ਤੇ ਚੀਨ ਵਿਚਾਲੇ ਵਪਾਰ 'ਤੇ ਸੁਲ੍ਹਾ ਦੀ ਉਮੀਦ ਵਧਣ ਨਾਲ ਪ੍ਰਮੁੱਖ ਵਿਦੇਸ਼ੀ ਬਾਜ਼ਾਰਾਂ ਵਿਚ ਦਰਜ ਕੀਤੀ ਗਈ ਤੇਜ਼ੀ ਨਾਲ ਵੀ ਘਰੇਲੂ ਬਾਜ਼ਾਰ ਨੂੰ ਬਲ ਮਿਲਿਆ। ਬੀਐੱਸਈ ਦਾ ਸੈਂਸੈਕਸ 231.98 ਅੰਕ ਉਛਲ ਕੇ 36,212.91 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਦੇ ਤਿੰਨ ਸੈਸ਼ਨਾਂ ਵਿਚ ਸੈਂਸੈਕਸ ਕੁੱਲ 467 ਅੰਕ ਮਜ਼ਬੂਤ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 53 ਅੰਕ ਮਜ਼ਬੂਤ ਹੋ ਕੇ 10,855.15 'ਤੇ ਬੰਦ ਹੋਇਆ।

ਸੈਂਸੈਕਸ ਵਿਚ ਐਕਸਿਸ ਬੈਂਕ ਵਿਚ ਸਭ ਤੋਂ ਵੱਧ 2.94 ਫ਼ੀਸਦੀ ਉਛਾਲ ਦਰਜ ਕੀਤਾ ਗਿਆ, ਜਦਕਿ ਯੈੱਸ ਬੈਂਕ ਵਿਚ ਸਭ ਤੋਂ ਵੱਧ 3.07 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਇਨਫੋਸਿਸ ਵੱਲੋਂ ਮੰਗਲਵਾਰ ਨੂੰ ਬਾਇਬੈਕ ਅਤੇ ਵਿਸ਼ੇਸ਼ ਲਾਭ ਨੂੰ ਸੰਭਾਵਨਾ ਪ੍ਰਗਟਾਏ ਜਾਣ ਤੋਂ ਬਾਅਦ ਉਸ ਦੇ ਸ਼ੇਅਰਾਂ 'ਚ 0.90 ਫ਼ੀਸਦੀ ਤੇਜ਼ੀ ਰਹੀ।

ਜਿਓਜਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਮੁੱਦੇ 'ਤੇ ਸੁਲ੍ਹਾ ਦੀ ਉਮੀਦ ਵਧਣ ਨਾਲ ਬਾਜ਼ਾਰ ਵਿਚ ਤੇਜ਼ੀ ਦਰਜ ਕੀਤੀ ਗਈ। ਸ਼ੇਅਰ ਕਾਰੋਬਾਰੀਆਂ ਨੇ ਕਿਹਾ ਕਿ ਵਿਸ਼ਵ ਬੈਂਕ ਵੱਲੋਂ ਦੇਸ਼ ਦੇ ਤੇਜ਼ ਵਿਕਾਸ ਦਾ ਅਨੁਮਾਨ ਪੇਸ਼ ਕੀਤੇ ਜਾਣ ਨਾਲ ਵੀ ਨਿਵੇਸ਼ਕਾਂ ਦਾ ਹੌਸਲਾ ਮਜ਼ਬੂਤ ਹੋਇਆ। ਵਿਸ਼ਵ ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਭਾਰਤ ਦੀ ਆਰਥਿਕ ਵਿਕਾਸ ਦਰ 7.3 ਫ਼ੀਸਦੀ ਰਹਿ ਸਕਦੀ ਹੈ ਅਤੇ ਇਸ ਤੋਂ ਬਾਅਦ ਦੇ ਦੋ ਕਾਰੋਬਾਰੀ ਸਾਲਾਂ ਵਿਚ ਵਿਕਾਸ ਦਰ 7.5 ਫ਼ੀਸਦੀ ਰਹਿ ਸਕਦੀ ਹੈ। ਖਪਤ ਅਤੇ ਨਿਵੇਸ਼ ਵਿਚ ਤੇਜ਼ੀ ਆਉਣ ਨਾਲ ਦੇਸ਼ ਦੇ ਵਿਕਾਸ ਵਿਚ ਇਹ ਤੇਜ਼ੀ ਆਵੇਗੀ। ਉਸਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵਿਕਾਸ ਦਰ ਵਾਲੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ।

ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ ਸੁਲ੍ਹਾ ਦੀ ਉਮੀਦ ਨਾਲ ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ ਵਿਚ ਤੇਜ਼ੀ ਰਹੀ, ਜਿਸ ਨਾਲ ਭਾਰਤ ਵਿਚ ਵੀ ਮਾਹੌਲ ਸਕਾਰਾਤਮਕ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੀਨ ਨਾਲ ਵਪਾਰ 'ਤੇ ਗੱਲਬਾਤ ਬਹੁਤ ਚੰਗੀ ਦਿਸ਼ਾ ਵਿਚ ਚੱਲ ਰਹੀ ਹੈ। ਇਸ ਤੋਂ ਇਲਾਵਾ ਤੀਜੀ ਤਿਮਾਹੀ ਲਈ ਬਿਹਤਰ ਕਾਰਪੋਰੇਟ ਨਤੀਜੇ ਆਉਣ ਦੀ ਉਮੀਦ ਵਿਚ ਵੀ ਬਾਜ਼ਾਰ ਵਿਚ ਤੇਜ਼ੀ ਨੂੰ ਬਲ ਮਿਲਿਆ। ਸੈਕਟਰਾਂ ਤੇ ਲਿਹਾਜ਼ ਨਾਲ ਬੀਐੱਸਈ 'ਤੇ ਤੇਜ਼ ਖਪਤ ਉਪਭੋਗਤਾ ਵਸਤੂ ਵਿਚ ਸਭ ਤੋਂ ਵੱਧ 1.11 ਫ਼ੀਸਦੀ ਤੇਜ਼ੀ ਰਹੀ। ਤੇਲ ਤੇ ਗੈਸ ਸੈਕਟਰ ਵਿਚ ਸਭ ਤੋਂ ਜ਼ਿਆਦਾ 1.74 ਫ਼ੀਸਦੀ ਗਿਰਾਵਟ ਰਹੀ।

ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ ਅਤੇ ਯੂਰਪੀ ਬਾਜ਼ਾਰਾਂ ਵਿਚ ਵੀ ਦੁਪਹਿਰ ਤਕ ਦੇ ਕਾਰੋਬਾਰ ਵਿਚ ਤੇਜ਼ੀ ਦਿਸੀ। ਹਾਂਗਕਾਂਗ ਦਾ ਹੈਂਗਸੇਂਗ 2.26 ਫ਼ੀਸਦੀ, ਜਾਪਾਨ ਦਾ ਨਿਕੇਈ 1.10 ਫ਼ੀਸਦੀ, ਕੋਰੀਆ ਦਾ ਕੋਸਪੀ 1.95 ਫ਼ੀਸਦੀ, ਤਾਇਵਾਨ ਦਾ ਪ੍ਰਮੁੱਖ ਇੰਡੈਕਸ 1.83 ਫ਼ੀਸਦੀ ਅਤੇ ਸ਼ੰਘਾਈ ਕੰਪੋਜਿਟ ਇੰਡੈਕਸ 0.71 ਫ਼ੀਸਦੀ ਚੜ੍ਹ ਕੇ ਬੰਦ ਹੋਇਆ। ਯੂਰਪੀ ਬਾਜ਼ਾਰਾਂ ਵਿਚ ਦੁਪਹਿਰ ਤਕ ਦੇ ਕਾਰੋਬਾਰ ਵਿਚ ਪੈਰਿਸ ਦੇ ਸੀਏਸੀ 40 ਤੋਂ 0.99 ਫ਼ੀਸਦੀ, ਫ੍ਰੈਂਕਫਰਟ ਦੇ ਡੀਏਐਕਸ ਵਿਚ 0.96 ਫ਼ੀਸਦੀ ਅਤੇ ਲੰਡਨ ਦੇ ਐੱਫਟੀਐੱਸਈ ਵਿਚ 0.59 ਫ਼ੀਸਦੀ ਤੇਜ਼ੀ ਦੇਖੀ ਗਈ। ਅਮਰੀਕਾ ਵਿਚ ਵੀ ਡਾਊ ਜੋਂਸ ਇੰਡਸਟਰੀਅਲ ਐਵਰੇਜ ਮੰਗਲਵਾਰ ਨੂੰ 1.09 ਫ਼ੀਸਦੀ ਤੇਜ਼ੀ ਨਾਲ ਬੰਦ ਹੋਇਆ।