ਨਵੀਂ ਦਿੱਲੀ, ਪੀ.ਟੀ.ਆਈ. : ਜੇਕਰ ਤੁਸੀਂ ਯੂਨਿਟ ਲਿੰਕਡ ਇਨਵੈਸਟਮੈਂਟ ਪਲਾਨ (ULIP) ਰਾਹੀਂ ਨਿਵੇਸ਼ ਕਰਦੇ ਹੋ ਤਾਂ ਹੁਣ ਇਸ ਤੋਂ ਮਿਲਣ ਵਾਲਾ ਰਿਟਰਨ ਵੀ ਟੈਕਸਯੋਗ ਹੈ। ਹਾਂ, ਇਨਕਮ ਟੈਕਸ ਵਿਭਾਗ ਨੇ ਉੱਚ ਪ੍ਰੀਮੀਅਮ ਵਾਲੇ ਯੂਨਿਟ ਆਧਾਰਿਤ ਬੀਮਾ ਯੋਜਨਾਵਾਂ (ਯੂਲਿਪ) ਤੋਂ ਪ੍ਰਾਪਤ ਰਕਮ ਨੂੰ ਟੈਕਸਯੋਗ ਬਣਾ ਦਿੱਤਾ ਹੈ। ਇਸ ਦਾ ਉਦੇਸ਼ ਇਸ ਨੂੰ ਮਿਊਚਲ ਫੰਡ ਦੀ ਤਰ੍ਹਾਂ ਬਣਾਉਣਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ 18 ਜਨਵਰੀ ਨੂੰ 2.5 ਲੱਖ ਰੁਪਏ ਤੋਂ ਵੱਧ ਦੇ ਸਾਲਾਨਾ ਪ੍ਰੀਮੀਅਮ ਵਾਲੇ ਯੂਲਿਪ ਦੇ ਸਬੰਧ 'ਚ ਪੂੰਜੀ ਲਾਭ ਦੀ ਗਣਨਾ ਲਈ ਰੂਪ-ਰੇਖਾ ਬਾਰੇ ਨਿਯਮਾਂ ਨੂੰ ਨੋਟੀਫਾਈ ਕੀਤਾ। ਅਗਲੇ ਦਿਨ ਇਸ ਨੇ ਟੈਕਸ ਦੇ ਵੱਖ-ਵੱਖ ਪਹਿਲੂਆਂ ਦਾ ਵੇਰਵਾ ਦਿੰਦੇ ਹੋਏ ਇੱਕ ਸਰਕੂਲਰ ਜਾਰੀ ਕੀਤਾ।

ਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਕੇਂਦਰੀ ਬਜਟ 'ਚ ਯੂਲਿਪ ਸਬੰਧੀ ਕੀਤੇ ਗਏ ਐਲਾਨ ਨੂੰ ਪ੍ਰਭਾਵੀ ਬਣਾਉਣ ਲਈ ਸੀਬੀਡੀਟੀ ਨੇ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਨੂੰ ਨੋਟੀਫਾਈ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਕੋਈ ਨਵਾਂ ਟੈਕਸ ਪ੍ਰਬੰਧ ਨਹੀਂ ਹੈ ਪਰ ਕੁਝ ਮਾਮਲਿਆਂ'ਚ ਯੂਲਿਪ ਦਾ ਲਾਭ ਲੈਣ ਲਈ ਪੂੰਜੀਗਤ ਲਾਭ ਦੀ ਗਣਨਾ ਦੇ ਤਰੀਕੇ ਨੂੰ ਸਪੱਸ਼ਟ ਕਰਦਾ ਹੈ।

ਇਨਕਮ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 2021 ਦੇ ਵਿੱਤ ਐਕਟ ਰਾਹੀਂ ਆਮਦਨ ਕਰ ਕਾਨੂੰਨ ਦੀ ਧਾਰਾ 10 (10ਡੀ) ਨੂੰ ਸੋਧਿਆ ਗਿਆ ਹੈ। ਇਸ ਤਹਿਤ 1 ਫਰਵਰੀ, 2021 ਨੂੰ ਜਾਂ ਇਸ ਤੋਂ ਬਾਅਦ ਜਾਰੀ ਕੀਤੇ ਗਏ ULIP ਤਹਿਤ ਪ੍ਰਾਪਤ ਹੋਈ ਰਕਮ ਨੂੰ ਛੋਟ ਨਹੀਂ ਦਿੱਤੀ ਜਾਵੇਗੀ ਜਿਸ ਵਿਚ ਕਿਸੇ ਵੀ ਸਾਲ ਲਈ ਭੁਗਤਾਨ ਯੋਗ ਸਾਲਾਨਾ ਪ੍ਰੀਮੀਅਮ 2.50 ਲੱਖ ਰੁਪਏ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਵਿਵਸਥਾ ਮਿਊਚਲ ਫੰਡ ਨਿਵੇਸ਼ ਤੇ ਯੂਲਿਪ ਨਿਵੇਸ਼ ਵਿਚਕਾਰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਲਿਆਂਦੀ ਗਈ ਹੈ।

ਅਧਿਕਾਰੀ ਅਨੁਸਾਰ ਇਹ ਕਦਮ ਇਸ ਗੱਲ ਤੋਂ ਬਾਅਦ ਚੁੱਕਿਆ ਗਿਆ ਹੈ ਕਿ ਨਿਵੇਸ਼ਕਾਂ ਵੱਲੋਂ ਬੀਮਾ ਦੀ ਬਜਾਏ ਨਿਵੇਸ਼ ਦੇ ਉਦੇਸ਼ਾਂ ਲਈ ਯੂਲਿਪ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਿਊਚਲ ਫੰਡਾਂ ਦੇ ਮਾਮਲੇ 'ਚ ਰਿਡੈਂਪਸ਼ਨ 'ਤੇ ਪੂੰਜੀ ਲਾਭ ਟੈਕਸ ਲਗਾਇਆ ਜਾਂਦਾ ਹੈ। ਹਾਲਾਂਕਿ, ਯੂਲਿਪ ਦੇ ਨਾਲ ਅਜਿਹਾ ਨਹੀਂ ਸੀ। ਹਾਲਾਂਕਿ, ਪ੍ਰੀਮੀਅਮ ਦਾ ਬੀਮਾ ਹਿੱਸਾ ਬਹੁਤ ਘੱਟ ਸੀ ਤੇ ਨਿਵੇਸ਼ ਹਿੱਸਾ ਜ਼ਿਆਦਾ ਸੀ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ 2021 ਦੇ ਵਿੱਤ ਐਕਟ ਵਿਚ ਇਸ ਸੋਧ ਨੇ ਯਕੀਨੀ ਬਣਾਇਆ ਹੈ ਕਿ ਮਿਉਚੁਅਲ ਫੰਡ ਯੂਨਿਟ ਤੇ ਯੂਲਿਪ ਦੋਵੇਂ ਟੈਕਸਯੋਗ ਹਨ।

Posted By: Seema Anand