ਮੁੰਬਈ (ਏਜੰਸੀ) : ਲਗਾਤਾਰ ਦੋ ਸੈਸ਼ਨਾਂ ਵਿਚ ਗਿਰਾਵਟ ਤੋਂ ਬਾਅਚ ਕੱਚੇ ਤੇਲ ਦੀ ਕੀਮਤ ਵਿਚ ਕਮੀ ਅਤੇ ਡਾਲਰ ਦੇ ਮੁਕਾਬਲੇ ਰੁਪਏ ਵਿਚ ਸੁਧਾਰ ਕਾਰਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਸੰਭਲ ਗਏ। ਦਿਨ ਦੇ ਕਾਰੋਬਾਰ ਵਿਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 82.79 ਅੰਕ ਮਤਲਬ 0.23 ਫ਼ੀਸਦੀ ਬੜ੍ਹਤ ਦੇ ਨਾਲ 36,563.88 ਅੰਕ 'ਤੇ ਬੰਦ ਹੋਇਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 23.05 ਅੰਕ ਮਤਲਬ 0.21 ਫ਼ੀਸਦੀ ਵਾਧੇ ਨਾਲ 10,840.65 'ਤੇ ਬੰਦ ਹੋਇਆ।

ਦਿਨ ਦੇ ਕਾਰੋਬਾਰ ਵਿਚ ਸੈਂਸੈਕਸ ਵਿਚ ਟਾਟਾ ਸਟੀਲ, ਵੇਦਾਂਤਾ, ਐੱਸਬੀਆਈ, ਟੈੱਕ ਮਹਿੰਦਰਾ, ਬਜਾਜ ਫਾਇਨਾਂਸ, ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ ਅਤੇ ਪਾਵਰ ਗਰਿੱਡ ਦੇ ਸ਼ੇਅਰਾਂ ਵਿਚ 3.95 ਫ਼ੀਸਦੀ ਤਕ ਵਾਧਾ ਦਰਜ ਕੀਤਾ ਗਿਆ। ਉਥੇ ਓਐੱਨਜੀਸੀ, ਯੈੱਸ ਬੈਂਕ, ਭਾਰਤੀ ਏਅਰਟੈੱਲ, ਐੱਚਡੀਐੱਫਸੀ ਬੈਂਕ, ਸਨ ਫਾਰਮਾ ਅਤੇ ਮਾਰੂਤੀ ਦੇ ਸ਼ੇਅਰਾਂ ਵਿਚ 2.08 ਫ਼ੀਸਦੀ ਤਕ ਗਿਰਾਵਟ ਦੇਖੀ ਗਈ। ਸਾਊਦੀ ਅਰਬ ਦੇ ਤੇਲ ਪਲਾਂਟ 'ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਸੀ, ਜਿਸ ਨਾਲ ਮਾਰਕੀਟ ਵਿਚ ਨਿਵੇਸ਼ ਦੇ ਉਲਟ ਧਾਰਨਾ ਬਣੀ ਸੀ। ਇਸ ਕਾਰਨ ਪ੍ਰਮੁੱਖ ਭਾਰਤੀ ਸ਼ੇਅਰ ਬਾਜ਼ਾਰ ਪਿਛਲੇ ਦੋ ਸੈਸ਼ਨਾਂ ਵਿਚ ਦੋ ਫ਼ੀਸਦੀ ਤਕ ਡਿੱਗ ਗਏ ਸਨ ਪਰ ਬੁੱਧਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਸੁਧਾਰ ਦੇਖਿਆ ਗਿਆ। ਇਸ ਤੋਂ ਇਲਾਵਾ ਅਰੈਮਕੋ ਵੱਲੋਂ ਤੇਲ ਸਪਲਾਈ ਵਿਚ ਰੁਕਾਵਚ ਨਹੀਂ ਪਹੁੰਚਾਉਣ ਦਾ ਭਰੋਸਾ ਅਤੇ ਇਸ ਮਹੀਨੇ ਦੇ ਅੰਤ ਤਕ ਪੂਰੀ ਉਤਪਾਦਨ ਸਮਰੱਥਾ ਪ੍ਰਾਪਤ ਕਰ ਲੈਣ ਦੇ ਬਿਆਨ ਦਾ ਬਾਜ਼ਾਰ 'ਤੇ ਸਕਾਰਾਤਮਕ ਅਸਰ ਰਿਹਾ। ਉਧਰ ਏਸ਼ੀਆ ਦੇ ਹੋਰ ਸ਼ੇਅਰ ਬਾਜ਼ਾਰਾਂ ਵਿਚ ਹੈਂਗਸੇਗ, ਸ਼ੰਘਾਈ ਕੰਪੋਜ਼ਿਟ ਇੰਡੈਕਸ, ਨਿਕਈ ਅਤੇ ਕੋਸਪੀ ਕਰੀਬ-ਕਰੀਬ ਸਪਾਟ ਰਹੇ। ਯੂਰਪ ਦੇ ਬਾਜ਼ਾਰਾਂ ਵਿਚ ਵੀ ਸ਼ੁਰੂਆਤੀ ਕਾਰੋਬਾਰ ਵਿਚ ਬੜ੍ਹਤ ਦੇਖੀ ਗਈ।