ਮੁੰਬਈ (ਏਜੰਸੀ) : ਨਿੱਜੀ ਬੈਂਕ ਅਤੇ ਆਈਟੀ ਸ਼ੇਅਰ ਨਾਲ ਨਿਵੇਸ਼ਕਾਂ ਦੀ ਬੇਰੁਖ਼ੀ ਕਾਰਨ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦਾ ਪ੍ਰਦਰਸ਼ਨ ਨਾਂਹਪੱਖੀ ਰਿਹਾ। ਇਸ ਤੋਂ ਇਲਾਵਾ ਐਨਰਜੀ ਸਟਾਕਸ ਵਿਚ ਵੀ ਸੁਸਤੀ ਕਾਰਨ ਦਿਨ ਦੇ ਕਾਰੋਬਾਰ ਵਿਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 72.50 ਅੰਕਾਂ ਦੀ ਗਿਰਾਵਟ ਨਾਲ 40,284.19 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਵਾਲਾ ਨਿਫਟੀ 10.95 ਅੰਕ ਜਾਂ 0.09 ਫ਼ੀਸਦੀ ਡਿੱਗ ਕੇ 11,884.50 ਅੰਕ 'ਤੇ ਸਥਿਰ ਹੋਇਆ।

ਸੈਂਸੈਕਸ ਪੈਕ ਵਿਚ ਸੋਮਵਾਰ ਨੂੰ ਸਭ ਤੋਂ ਜ਼ਿਆਦਾ 4.08 ਫ਼ੀਸਦੀ ਨੁਕਸਾਨ ਨਿੱਜੀ ਖੇਤਰ ਦੇ ਯੈੱਸ ਬੈਂਕ ਨੂੰ ਚੁੱਕਣਾ ਪਿਆ। ਬਜਾਜ ਆਟੋ, ਮਹਿੰਦਰਾ ਐਂਡ ਮਹਿੰਦਰਾ, ਹੀਰੋ ਮੋਟੋਕਾਰਪ, ਐੱਚਡੀਐੱਫਸੀ ਬੈਂਕ, ਓਐੱਨਜੀਸੀ ਅਤੇ ਸੀਸੀਐੱਸ ਦੇ ਸ਼ੇਅਰ ਵੀ 2.05 ਫ਼ੀਸਦੀ ਤਕ ਡਿੱਗ ਗਏ। ਹਾਲਾਂਕਿ ਭਾਰਤੀ ਏਅਰਟੈੱਲ, ਟਾਟਾ ਸਟੀਲ, ਸਨ ਫਾਰਮਾ, ਪਾਵਰਗਰਿੱਡ, ਇੰਡਸਇੰਡ ਬੈਂਕ, ਐਕਸਿਸ ਬੈਂਕ, ਐੱਸਬੀਆਈ, ਵੇਦਾਂਤਾ ਅਤੇ ਟਾਟਾ ਮੋਟਰਸ ਦੇ ਸ਼ੇਅਰਾਂ ਵਿਚ ਹੋਈ 4.60 ਫ਼ੀਸਦੀ ਦੀ ਤੇਜ਼ੀ ਨੇ ਸੈਂਸੈਕਸ ਦੀ ਗਿਰਾਵਟ ਨੂੰ ਰੋਕ ਲਿਆ ਹੈ। ਬੀਐੱਸਈ ਵਿਚ ਬੈਂਚਮਾਰਕ ਸੈਂਸੈਕਸ ਦੇ ਉਲਟ ਮਿਡਕੈਪ ਅਤੇ ਸਮਾਲਕੈਪ ਨੇ ਉਛਾਲ ਦਰਜ ਕੀਤਾ।

ਜਿਓਜਿਤ ਫਾਇਨਾਂਸ਼ੀਅਲ ਸਰਵਿਸੇਜ਼ ਦੇ ਰਿਸਰਚ ਹੈੱਡ ਵਿਨੋਦ ਨਾਇਰ ਮੁਤਾਬਕ ਗਲੋਬਲ ਮਾਰਕੀਟ ਤੋਂ ਮਿਲ ਰਹੇ ਚੰਗੇ ਸੰਕੇਤਾਂ ਦੇ ਬਾਵਜੂਦ ਘਰੇਲੂ ਬਾਜ਼ਾਰਾਂ ਵਿਚ ਜੀਡੀਪੀ ਗ੍ਰੋਥ ਰੇਟ ਘੱਟ ਹੋਣ ਦੇ ਅਨੁਮਾਨ ਦਾ ਅਸਰ ਦੇਖਿਆ ਗਿਆ। ਇਸ ਤੋਂ ਇਲਾਵਾ ਪਿਛਲੇ ਦੋ ਮਹੀਨੇ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਸ਼ੇਅਰ ਬਾਜ਼ਾਰ ਤਿਮਾਹੀ ਨਤੀਜਿਆਂ ਦਾ ਦੌਰ ਕਰੀਬ-ਕਰੀਬ ਖ਼ਤਮ ਹੋਣ ਮਗਰੋਂ ਪਰੇਸ਼ਾਨੀ ਵਿਚ ਨਜ਼ਰ ਆ ਰਹੇ ਹਨ। ਦਿਨ ਦੇ ਕਾਰੋਬਾਰ ਵਿਚ ਬੀਐੱਸਈ ਵਿਚ ਕੈਪੀਟਲ ਗੁਡਸ, ਆਟੋ, ਐਨਰਜੀ, ਐੱਫਐੱਮਸੀਜੀ ਅਤੇ ਆਈਟੀ ਸੈਕਟਰ ਦੇ ਸ਼ੇਅਰਾਂ ਵਿਚ 0.68 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਉਥੇ ਟੈਲੀਕਾਮ, ਮੈਟਲ, ਹੈਲਥਕੇਅਰ ਅਤੇ ਯੂਟੀਲਿਟੀਜ਼ ਦੇ ਸ਼ੇਅਰਾਂ ਵਿਚ 3.42 ਫ਼ੀਸਦੀ ਤਕ ਦਾ ਉਛਾਲ ਦੇਖਿਆ ਗਿਆ। ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਹਾਂਗਕਾਂਗ, ਟੋਕੀਓ ਤੇ ਸ਼ੰਘਾਈ ਦੇ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਉਥੇ ਹੀ ਸਿਓਲ ਦੇ ਕੋਸਪੀ ਵਿਚ ਗਿਰਾਵਟ ਦਰਜ ਕੀਤੀ ਗਈ। ਸੈਸ਼ਨ ਦੇ ਸ਼ੁਰੂਆਤੀ ਕਾਰੋਬਾਰ ਵਿਚ ਯੂਰਪੀ ਦੇ ਸ਼ੇਅਰ ਬਾਜ਼ਾਰਾਂ ਵਿਚ ਮਿਲਿਆ-ਜੁਲਿਆ ਰੁਖ਼ ਦੇਖਿਆ ਗਿਆ।

ਬੀਐੱਸਈ ਦੀ ਬਦਲਵੀਂ ਸਾਈਟ ਦੀ ਵਰਤੋਂ ਕਾਮਯਾਬ

ਨਵੀਂ ਦਿੱਲੀ (ਏਜੰਸੀ) : ਸਟਾਕ ਐਕਸਚੇਂਜ ਬੀਐੱਸਈ ਅਤੇ ਇਸ ਦੀ ਕਲੀਅਰੈਂਸ ਬ੍ਾਂਚ ਆਈਸੀਸੀਐੱਲ ਨੇ ਕਿਹਾ ਕਿ ਇਸ ਨੇ ਆਪਣੀ ਡਿਜ਼ਾਸਟਰ ਰਿਕਵਰੀ (ਡੀਆਰ) ਸਾਈਟ ਤੋਂ ਪੂਰਾ ਇਕ ਹਫ਼ਤਾ ਸਫਲਤਾਪੂਰਵਕ ਟ੍ਰੇਡਿੰਗ ਕੀਤੀ ਹੈ। ਇਹ ਟ੍ਰੇਡਿੰਗ 11 ਨਵੰਬਰ ਤੋਂ ਸਾਰੇ ਸੈਗਮੈਂਟਾਂ ਵਿਚ ਕੀਤੀ ਗਈ ਹੈ। ਬੀਐੱਸਈ ਨੇ ਦੱਸਿਆ ਕਿ ਲਾਗੂ ਕੀਤੇ ਗਏ ਫੰਕਸ਼ਨ ਪਹਿਲੀ ਵਾਰ ਡੀਆਰ ਰਾਹੀਂ ਸੰਪੰਨ ਕੀਤੇ ਗਏ ਹਨ। ਇਸ ਦੇ ਨਾਲ ਹੀ ਸਾਰੀ ਮਾਰਕੀਟ ਸੈਗਮੈਂਟ ਦੇ ਸਮੁੱਚੇ ਕਾਰਜਾਂ ਨੂੰ ਡੀਆਰ ਰਾਹੀਂ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਹੈ।

ਬੀਐੱਸਈ ਨੇ ਐਮਰਜੈਂਸੀ ਸਥਿਤੀਆਂ ਲਈ ਡੀਆਰ ਸਾਈਟ ਬਣਾਈ ਹੈ। ਇਥੇ ਮੁੱਢਲੀ ਸਾਈਟ ਦੇ ਨਾਲ-ਨਾਲ ਰੀਅਲ ਟਾਈਮ ਵਿਚ ਕੰਮ ਕਰਦੀ ਹੈ। ਇਸ ਵਿਚ ਮੁੱਖ ਸਾਈਟ ਦਾ ਪੂਰਾ ਬਿਓਰਾ ਮੌਜੂਦ ਰਹਿੰਦਾ ਹੈ। ਬੀਐੱਸਈ ਵਿਚ ਕਾਰੋਬਾਰ ਦੌਰਾਨ ਮੁੱਖ ਸਾਈਟ 'ਤੇ ਕਿਸੇ ਦਿੱਕਤ ਦੇ ਸਮੇਂ ਇਸ ਨੂੰ ਤੁਰੰਤ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।