ਨਵੀਂ ਦਿੱਲੀ (ਪੀਟੀਆਈ) : ਲਗਾਤਾਰ ਚਾਰ ਕਾਰੋਬਾਰੀ ਸੈਸ਼ਨਾਂ 'ਚ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਕੁਝ ਵੱਡੇ ਸ਼ੇਅਰਾਂ 'ਚ ਹੋਈ ਖ਼ਰੀਦਦਾਰੀ ਨਾਲ ਬਾਜ਼ਾਰਾਂ ਦਾ ਰੁਖ਼ ਹਾਂ-ਪੱਖੀ ਹੋਇਆ। ਬਾਜ਼ਾਰ ਦੀ ਸਭ ਤੋਂ ਦਮਦਾਰ ਕੰਪਨੀ ਆਰਆਈਐੱਲ ਤੇ ਬੈਂਕਿੰਗ ਦਿੱਗਜ਼ ਐੱਚਡੀਐੱਫਸੀ ਬੈਂਕ ਪ੍ਰੀਤ ਨਿਵੇਸ਼ਕਾਂ ਦੇ ਉਤਸ਼ਾਹ ਕਾਰਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਮੁੱਖ ਸੂਚਕਅੰਕ ਸੈਂਸੈਕਸ 748.31 ਅੰਕ ਭਾਵ 2.03 ਫ਼ੀਸਦੀ ਦੀ ਤੇਜ਼ੀ ਨਾਲ 37,687.91 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਵਾਲਾ ਨਿਫਟੀ ਵੀ 203.65 ਅੰਕ ਭਾਵ 1.87 ਫ਼ੀਸਦੀ ਦੀ ਤੇਜ਼ੀ ਨਾਲ 11,095.25 'ਤੇ ਬੰਦ ਹੋਇਆ।

ਸੈਂਸੈਕਸ ਪੈਕ 'ਚ ਮੰਗਲਵਾਰ ਨੂੰ ਸਭ ਤੋਂ ਜ਼ਿਆਦਾ 7.10 ਫ਼ੀਸਦੀ ਦਾ ਉਛਾਲ ਆਰਆਈਐੱਲ ਦੇ ਸ਼ੇਅਰਾਂ 'ਚ ਦਿਸਿਆ। ਇਸ ਦਾ ਕਾਰਨ ਇਹ ਸੀ ਕਿ ਖ਼ਬਰਾਂ ਮੁਤਾਬਕ ਆਰਆਈਐੱਲ ਵੱਲੋਂ ਕਿਸ਼ੋਰ ਬਿਆਨੀ ਦੇ ਕੰਟਰੋਲ ਵਾਲੇ ਫਿਊਚਰ ਗਰੁੱਪ ਨੁੰ ਅਕਵਾਇਰ ਕਰਨ ਸਬੰਧੀ ਸੌਦਾ ਲਗਪਗ ਆਖਰੀ ਦੌਰ 'ਚ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਵੱਲੋਂ ਐੱਚਡੀਐੱਫਸੀ ਬੈਂਕ ਦੇ ਅਗਲੇ ਐੱਮਡੀ ਤੇ ਸੀਈਓ ਲਈ ਸ਼ਸ਼ੀਧਰ ਜਗਦੀਸ਼ਨ ਦੇ ਨਾਂ ਨੂੰ ਮਨਜ਼ੂਰੀ ਦਿੱਤੇ ਜਾਣ ਦੀਆਂ ਖ਼ਬਰਾਂ ਕਾਰਨ ਨਿੱਜੀ ਖੇਤਰ ਦੇ ਇਸ ਬੈਂਕ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਨੇ ਚੰਗੀ ਖ਼ਰੀਦਦਾਰੀ ਕੀਤੀ। ਦਿਨ ਦੇ ਕਾਰੋਬਾਰ 'ਚ ਐੱਚਡੀਐੱਫਸੀ ਬੈਂਕ ਦੇ ਸ਼ੇਅਰ 3.94 ਫ਼ੀਸਦੀ ਤੇਜ਼ ਰਹੇ।

Posted By: Susheel Khanna