ਵਾਸ਼ਿੰਗਟਨ : ਪਿਛਲੇ ਵਰ੍ਹੇ ਭਾਰਤ ਤੋਂ ਅਮਰੀਕਾ ਨੂੰ ਹੋਣ ਵਾਲੇ ਸਟੀਲ ਬਰਾਮਦ 'ਚ ਗਿਰਾਵਟ ਦਰਜ ਕੀਤੀ ਗਈ, ਜਦਕਿ ਐਲੂਮੀਨੀਅਮ ਬਰਾਮਦ 'ਚ ਵਾਧਾ ਹੋਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਵਰ੍ਹੇ ਸਟੀਲ ਤੇ ਐਲੂਮੀਨੀਅਮ ਉਤਪਾਦਾਂ ਦੇ ਦਰਾਮਦ 'ਤੇ ਨਵੀਂ ਫੀਸ ਲਗਾ ਦਿੱਤੀ ਸੀ। 23 ਮਾਰਚ, 2018 ਨੂੰ ਕੁਝ ਖਾਸ ਸਟੀਲ ਉਤਪਾਦਾਂ 'ਤੇ 25 ਫ਼ੀਸਦੀ ਤੇ ਕੁਝ ਖਾਸ ਐਲੂਮੀਨੀਅਮ ਉਤਪਾਦਾਂ 'ਤੇ 10 ਫ਼ੀਸਦੀ ਫੀਸ ਥੋਪ ਦਿੱਤੀ ਗਈ ਸੀ।

ਕਾਂਗਰਸਨਲ ਰਿਸਰਚ ਸਰਵਿਸ (ਸੀਆਰਐੱਸ) ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਕਿ ਸਟੀਲ ਬਰਾਮਦ 49 ਫ਼ੀਸਦੀ ਘੱਟ ਕੇ 37.2 ਕਰੋੜ ਡਾਲਰ (ਲਗਪਗ 25.8 ਅਰਬ ਰੁਪਏ) ਦਾ ਰਿਹਾ, ਜਦਕਿ ਐਲੂਮੀਨੀਅਮ ਬਰਾਮਦ 58 ਫ਼ੀਸਦੀ ਵੱਧ ਕੇ 22.1 ਕਰੋੜ ਡਾਲਰ (ਲਗਪਗ 15.33 ਅਰਬ ਰੁਪਏ) ਦਾ ਰਿਹਾ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2018 'ਚ ਅਮਰੀਕਾ 'ਚ ਸਟੀਲ ਉਤਪਾਦਾਂ ਦਾ ਕੁੱਲ ਦਰਾਮਦ 17.6 ਅਰਬ ਡਾਲਰ ਦਾ ਰਿਹਾ। ਪਿਛਲੇ ਇਕ ਦਹਾਕੇ 'ਚ ਅਮਰੀਕਾ 'ਚ ਸਟੀਲ ਦਰਾਮਦ 'ਚ ਮੁੱਲ ਤੇ ਵਜ਼ਨ ਦੋਵਾਂ ਦੇ ਲਿਹਾਜ ਨਾਲ ਕਾਫੀ ਉਤਾਰ-ਚੜ੍ਹਾਅ ਵੇਖਿਆ ਗਿਆ ਹੈ, ਜਦਕਿ ਐਲੂਮੀਨੀਅਮ ਬਰਾਮਦ 'ਚ ਆਮ ਤੌਰ 'ਤੇ ਵਾਧਾ ਵੇਖਿਆ ਗਿਆ।

ਜਿਨ੍ਹਾਂ ਦੇਸ਼ਾਂ ਨਾਲ ਅਮਰੀਕਾ ਦੇ ਸਟੀਲ ਦਰਾਮਦ 'ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ, ਉਨ੍ਹਾਂ 'ਚ ਦੱਖਣੀ ਕੋਰੀਆ (43 ਕਰੋੜ ਡਾਲਰ, 35 ਫ਼ੀਸਦੀ) ਤੇ ਭਾਰਤ (37.2 ਕਰੋੜ ਡਾਲਰ, 49 ਫ਼ੀਸਦੀ) ਸ਼ਾਮਲ ਹੈ। ਦੂਜੇ ਪਾਸੇ ਜਿਨ੍ਹਾਂ ਦੇਸ਼ਾਂ ਤੋਂ ਦਰਾਮਦ 'ਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਉਨ੍ਹਾਂ 'ਚ ਯੂਰਪੀ ਸੰਘ (56.7 ਕਰੋੜ ਡਾਲਰ, 20 ਫੀਸਦੀ) ਤੇ ਕੈਨੇਡਾ (40.4 ਕਰੋੜ ਡਾਲਰ, 19 ਫ਼ੀਸਦੀ) ਸ਼ਾਮਲ ਹਨ।

ਐਲੂਮੀਨੀਅਮ ਦੇ ਮਾਮਲੇ 'ਚ ਜਿਨ੍ਹਾਂ ਦੇਸ਼ਾਂ ਤੋਂ ਦਰਾਮਦ 'ਚ ਸਭ ਤੋਂ ਵੱਧ ਗਿਰਾਵਟ ਰਹੀ, ਉਨ੍ਹਾਂ 'ਚ ਚੀਨ (72.9 ਕਰੋੜ ਡਾਲਰ, 40 ਫ਼ੀਸਦੀ), ਰੂਸ (67.6 ਕਰੋੜ ਡਾਲਰ, 42 ਫ਼ੀਸਦੀ) ਤੇ ਕੈਨੇਡਾ (29.4 ਕਰੋੜ ਡਾਲਰ, ਚਾਰ ਫ਼ੀਸਦੀ) ਸ਼ਾਮਲ ਹਨ। ਉਥੇ ਜਿਨ੍ਹਾਂ ਦੇਸ਼ਾਂ ਤੋਂ ਦਰਾਮਦ ਸਭ ਤੋਂ ਵੱਧ ਵਧੀ, ਉਨ੍ਹਾਂ 'ਚ ਯੂਰਪੀ ਸੰਘ (39.5 ਕਰੋੜ ਡਾਲਰ, ਨੌ ਫ਼ੀਸਦੀ), ਭਾਰਤ (22.1 ਕਰੋੜ ਡਾਲਰ, 58 ਫ਼ੀਸਦੀ) ਤੇ ਓਮਾਨ (18.6 ਕਰੋੜ ਡਾਲਰ, 200 ਫ਼ੀਸਦੀ) ਸ਼ਾਮਲ ਹੈ।