ਨਵੀਂ ਦਿੱਲੀ - ਦੇਸ਼ 'ਚ ਕੋਵਿਡ-19 ਦੀ ਬਿਮਾਰੀ ਦਾ ਸ਼ਿਕਾਰ ਹੋਏ ਲੋਕਾਂ ਦੀ ਰੋਜ਼ਾਨਾ ਵੱਧਦੀ ਗਿਣਤੀ ਨੂੰ ਦੇਖਦਿਆਂ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਨੇ ਸਾਰੀਆਂ ਜਨਰਲ ਤੇ ਹੈੱਲਥ ਇੰਸ਼ੋਰੈਂਸ ਕੰਪਨੀਆਂ ਨੂੰ ਲਾਜ਼ਮੀ ਤੌਰ 'ਤੇ ਕਿਹਾ ਹੈ ਕਿ ਉਹ ਖ਼ਪਤਕਾਰਾਂ ਲਈ ਇਕ ਸਟੈਂਡਰਡ ਨਿੱਜੀ ਕੋਵਿਡ-19 ਹੈੱਲਥ ਇੰਸ਼ੋਰੈਂਸ (Standard Individual Covid-19 Health Insurance) ਪਲਾਨ ਲੈ ਕੇ ਆਉਣ। ਇਹ ਹੈੱਲਥ ਇੰਸ਼ੋਰੈਂਸ ਪ੍ਰੋਡੈਕਟ ਸਿਰਫ਼ ਕੋਵਿਡ-19 ਲਈ ਬਣਾਇਆ ਗਿਆ ਹੈ, ਜੋ ਸਿਰਫ਼ ਇਸ ਬਿਮਾਰੀ ਨਾਲ ਜੁੜੇ ਲੋਕਾਂ ਦੀ ਹੈੱਲਥ ਇੰਸ਼ੋਰੈਂਸ਼ ਜ਼ਰੂਰਤਾਂ ਨੂੰ ਪੂਰਾ ਕਰੇਗਾ ਤੇ ਕਿਸੇ ਹੋਰ ਬਿਮਾਰੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਹ ਪ੍ਰੋਡਕਟ ਕਿਸ ਤਰ੍ਹਾਂ ਕੰਮ ਕਰੇਗਾ

IRDAI ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇ ਪਾਲਿਸੀਧਾਰਕ ਵਿਅਕਤੀ ਕੋਵਿਡ-19 ਦਾ ਪਾਜ਼ੇਟਿਵ ਆਉਂਦਾ ਹੈ ਤਾਂ ਇੰਸ਼ੋਰੈਂਸ ਕੰਪਨੀ ਉਸ ਨੂੰ ਪੂਰੀ ਇੰਸ਼ੋਰਡ ਰਾਸ਼ੀ ਦਾ ਭੁਗਤਾਨ ਇਕਮੁਸ਼ਤ ਲਾਭ ਦੇ ਰੂਪ 'ਚ ਕਰੇਗੀ। ਮੰਨ ਲਵੋ ਕਿ ਤੁਸੀਂ ਇਹ ਸਟੈਂਡਰਡ ਇੰਸ਼ੋਰੈਂਸ ਪ੍ਰੋਡਕਟ ਖ਼ਰੀਦਦੇ ਹੋ ਤੇ ਇਸ ਦੀ ਇੰਸ਼ੋਰਡ ਰਾਸ਼ੀ 3 ਲੱਖ ਰੁਪਏ ਹੈ। ਹੁਣ ਅਗਲੇ ਇਕ ਮਹੀਨੇ ਬਾਅਦ ਤੁਸੀਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਜਾਂਦੇ ਹੋ ਤਾਂ ਅਜਿਹੀ ਸਥਿਤੀ 'ਚ ਇੰਸ਼ੋਰੈਂਸ ਕੰਪਨੀ ਤੁਹਾਨੂੰ ਹਸਪਤਾਲ 'ਚ ਦਾਖ਼ਲ ਹੋਣ 'ਤੇ 3 ਲੱਖ ਰੁਪਏ ਦਾ ਭੁਗਤਾਨ ਕਰੇਗੀ।

ਜੇ ਤੁਹਾਡਾ ਹਸਪਤਾਲ ਦਾ ਬਿੱਲ 3 ਲੱਖ ਰੁਪਏ ਤੋਂ ਘੱਟ ਆਉਂਦਾ ਹੈ ਤਾਂ ਬਾਕੀ ਰਕਮ ਨੂੰ ਤੁਸੀਂ ਆਪਣੀ ਸਹੂਤਲ ਅਨੁਸਾਰ ਖ਼ਰਚ ਕਰ ਸਕਦੇ ਹੋ। ਉਥੇ ਹੀ ਜੇ ਤੁਹਾਡੇ ਇਲਾਜ 'ਤੇ ਖ਼ਰਚ 3 ਲੱਖ ਰੁਪਏ ਤੋਂ ਜ਼ਿਆਦਾ ਆਉਂਦਾ ਹੈ ਤਾਂ ਵਾਧੂ ਬਿੱਲ ਰਾਸ਼ੀ ਤੁਹਾਨੂੰ ਆਪਣੀ ਜੇਬ 'ਚ ਦੇਣੀ ਪਵੇਗੀ, ਯਾਨੀ ਇੰਸ਼ੋਰੈਂਸ ਕੰਪਨੀ ਭੁਗਤਾਨ ਨਹੀਂ ਕਰੇਗੀ। ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੋਵੇਗਾ ਕਿ ਤੁਹਾਡੀ ਜਾਂਚ ਰਿਪੋਰਟ ਦੀ ਪੁਸ਼ਟੀ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਅਧਿਕਾਰਤ ਜਾਂਚ ਕੇਂਦਰਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ।

ਪ੍ਰੋਡਕਟ ਦੀ ਕੀਮਤ

ਸਾਰੀਆਂ ਇੰਸ਼ੋਰੈਂਸ ਕੰਪਨੀਆਂ ਇਕ ਸਟੈਂਡਰਡ ਪ੍ਰੋਡਕਟ ਹੋਣ ਨਾਤੇ ਹਰ ਕੰਪਨੀ ਆਪਣੇ ਨਿੱਜੀ ਅੰਡਰਰਾਈਟਿੰਗ ਨਿਯਮ ਤੇ ਸ਼ਰਤਾਂ ਅਨੁਸਾਰ ਇਸ ਪਲਾਨ ਦੀ ਕੀਮਤ ਤੈਅ ਕਰ ਸਕਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹਰ ਇਸ਼ੋਰੈਂਸ ਕੰਪਨੀ ਕੋਲ ਇਸ ਪਾਲਿਸੀ ਦੀ ਕੀਮਤ ਅਲੱਗ-ਅਲੱਗ ਹੋਵੇਗੀ। ਪ੍ਰੀਮੀਅਮ 'ਚ ਵਖਰੇਵਾਂ ਹੋਣ ਕਾਰਨ ਕੰਪਨੀਆਂ ਵੱਲੋਂ ਦਿੱਤੀ ਜਾਣ ਵਾਲੀ ਸਰਵਿਸ ਵੀ ਅਲੱਗ-ਅਲੱਗ ਹੋ ਸਕਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

ਬਿਮਾਰੀ ਪ੍ਰਤੀ ਵੀ ਸੁਚੇਤ ਰਹੋ ਕਿਉਂਕਿ ਇਹ ਕਦੇ ਵੀ ਸਾਹਮਣੇ ਆ ਸਕਦੀ ਹੈ। ਕਿਸੇ ਬਿਮਾਰੀ 'ਤੇ ਕੇਂਦਰਿਤ ਹੈੱਲਥ ਇੰਸ਼ੋਰੈਂਸ ਪਾਲਿਸੀ ਤੁਹਾਨੂੰ ਸਿਰਫ਼ ਉਸ ਬਿਮਾਰੀ ਦੀ ਕਵਰੇਜ ਦੇਵੇਗੀ, ਜਦੋਂਕਿ ਇਕ ਵਿਆਪਕ ਹੈੱਲਥ ਇੰਸ਼ੋਰੈਂਸ ਪਾਲਿਸੀ ਤੁਹਾਨੂੰ ਸਾਰੀਆਂ ਸੰਭਾਵਿਤ ਬਿਮਾਰੀਆਂ ਲਈ ਸੁਰੱਖਿਆ ਦਿੰਦੀ ਹੈ। ਜੇ ਕੋਵਿਡ-19 ਦੀ ਗੱਲ ਕਰੀਏ ਤਾਂ ਇਹ ਸਾਡੇ 'ਚ ਇਕ ਸੀਮਤ ਮਿਆਦ ਲਈ ਰਹੇਗੀ ਤੇ ਇਸ ਲਈ ਬਣਾਇਆ ਗਿਆ ਸਟੈਂਡਰਡ ਹੈੱਲਥ ਪਲਾਨ ਬਾਅਦ 'ਚ ਤੁਹਾਡੇ ਕਿਸੇ ਵੀ ਕੰਮ ਦਾ ਨਹੀਂ ਰਹੇਗਾ। ਅਜਿਹੇ 'ਚ ਜੇ ਤੁਸੀਂ ਇਕ ਵਿਆਪਕ ਹੈੱਲਥ ਇੰਸ਼ੋਰੈਂਸ 'ਚ ਨਿਵੇਸ਼ ਕਰਦੇ ਹੋ ਤਾਂ ਇਹ ਤੁਹਾਡਾ ਜੀਵਨ ਭਰ ਸਾਥ ਦੇਵੇਗੀ। ਇਕ ਵਿਆਪਕ ਪਲਾਨ ਕੋਵਿਡ-19 ਲਈ ਸੁਰੱਖਿਆ ਦੇਣ ਦੇ ਨਾਲ ਹੀ ਹੋਰ ਬਿਮਾਰੀਆਂ ਨੂੰ ਵੀ ਕਵਰ ਕਰੇਗੀ।

Posted By: Harjinder Sodhi