SBI Wecare Deposit: ਸਟੇਟ ਬੈਂਕ ਆਫ ਇੰਡੀਆ ਨੇ ਵੈਸੇ ਤਾਂ ਐੱਫਡੀ ਰੇਟਾਂ 'ਚ ਕਟੌਤੀ ਕੀਤੀ ਹੈ ਪਰ ਦੇਸ਼ ਦੇ ਇਸ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਸੀਨੀਅਰ ਸਿਟੀਜ਼ਨਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਐੱਸਬੀਆਈ ਨੇ ਸੀਨੀਅਰ ਸਿਟੀਜ਼ਨਾਂ ਦੀ ਖ਼ਾਸ ਐੱਫਡੀ ਜਮ੍ਹਾਂ ਯੋਜਨਾ SBI Wecare Deposit ਨੂੰ ਹੁਣ ਸਾਲ ਦੇ ਅੰਤ ਤੱਕ ਵਧਾ ਦਿੱਤਾ ਹੈ।

SBI Wecare Deposit 'ਚ ਸੀਨੀਅਰ ਸਿਟੀਜ਼ਨਾਂ ਨੂੰ ਐੱਫਡੀ ਦੀ ਵਿਆਜ ਦਰ 'ਤੇ ਆਮ ਲੋਕਾਂ ਦੀ ਤੁਲਨਾ 'ਚ 0.50 ਫ਼ੀਸਦੀ ਦੇ ਜ਼ਿਆਦਾ ਫ਼ਾਇਦੇ ਤੋਂ ਇਲਾਵਾ 0.30 ਫ਼ੀਸਦੀ ਦਾ ਵਾਧੂ ਫ਼ਾਇਦਾ ਮਿਲਦਾ ਹੈ। ਸੀਨੀਅਰ ਸਿਟੀਜ਼ਨ ਇਸ ਸਕੀਮ ਦਾ ਫ਼ਾਇਦਾ ਸਿਰਫ਼ 5 ਸਾਲ ਜਾਂ ਉਸ ਤੋਂ ਜ਼ਿਆਦਾ ਮਿਆਦ ਵਾਲੀ ਐੱਫਡੀ 'ਤੇ ਲੈ ਸਕਦੇ ਹਨ। ਇਸ ਸਕੀਮ 'ਚ ਸੀਨੀਅਰ ਸਿਟੀਜ਼ਨਾਂ ਨੂੰ ਆਮ ਲੋਕਾਂ ਦੀ ਤੁਲਨਾ 'ਚ 0.80 ਫ਼ੀਸਦੀ ਜ਼ਿਆਦਾ ਵਿਆਜ ਮਿਲਦਾ ਹੈ।

ਐੱਸੀਬੀਆਈ ਨੇ ਮਈ 'ਚ ਇਸ ਸਕੀਮ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਲਾਭ 30 ਸਤੰਬਰ ਤਕ ਉਠਾਇਆ ਜਾ ਸਕਦਾ ਹੈ। ਹੁਣ ਬੈਂਕ ਨੇ ਇਸ ਦੀ ਮਿਆਦ ਵਧਾਉਂਦਿਆਂ ਇਸ ਨੂੰ 31 ਦਸੰਬਰ ਤਕ ਕਰ ਦਿੱਤਾ ਹੈ। ਐੱਸਬੀਆਈ ਵੈਸੇ ਵੀ ਸੀਨੀਅਰ ਸਿਟੀਜ਼ਨਾਂ ਨੂੰ ਸਾਰੇ ਤਰ੍ਹਾਂ ਦੀਆਂ ਐੱਫਡੀ 'ਤੇ ਆਮ ਲੋਕਾਂ ਦੀ ਤੁਲਨਾ 'ਚ 0.50 ਫ਼ੀਸਦੀ ਵਿਆਜ ਜ਼ਿਆਦਾ ਹੀ ਦਿੰਦਾ ਹੈ ਪਰ ਇਸ ਸਕੀਮ 'ਚ 5 ਸਾਲ ਜਾਂ ਇਸ ਤੋਂ ਜ਼ਿਆਦਾ ਮਿਆਦ ਗੀ ਐੱਫਡੀ 'ਤੇ 0.80 ਫ਼ੀਸਦੀ ਦਾ ਫ਼ਾਇਦਾ ਹੋਵੇਗਾ।

ਐੱਸਬੀਆਈ ਦੀ ਵਿਆਜ ਦਰ 'ਚ ਹੋਈ ਸੋਧ ਤੋਂ ਬਾਅਦ 5 ਸਾਲ ਤੋਂ ਜ਼ਿਆਦਾ ਦੀ ਐੱਫਡੀ 'ਤੇ ਆਮ ਲੋਕਾਂ ਲਈ ਵਿਆਜ ਦਰ 5.40 ਫ਼ੀਸਦੀ ਕਰ ਦਿੱਤੀ ਗਈ ਹੈ। ਜੇ ਕੋਈ ਸੀਨੀਅਰ ਸਿਟੀਜ਼ਨ 5 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਮਿਆਦ ਲਈ ਐੱਫਡੀ ਜਮ੍ਹਾਂ ਕਰਵਾਏਗਾ ਤਾਂ ਉਸ ਨੂੰ ਹੁਣ 6.20 ਫ਼ੀਸਦੀ ਦਰ ਨਾਲ ਵਿਆਜ ਮਿਲੇਗਾ।

Posted By: Harjinder Sodhi