ਵਾਸ਼ਿੰਗਟਨ : ਅਮਰੀਕਾ ਵਿਚ ਐਮਾਜ਼ੋਨ, ਐਪਲ, ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰ ਹੈ। ਸਰਕਾਰ ਇਸ ਗੱਲ ਦੀ ਜਾਂਚ ਕਰਨ ਦੀ ਤਿਆਰੀ ਵਿਚ ਹੈ ਕਿ ਕਿਤੇ ਇਹ ਕੰਪਨੀਆਂ ਆਪਣੀ ਤਾਕਤ ਦਾ ਗਲਤ ਇਸਤੇਮਾਲ ਤਾਂ ਨਹੀਂ ਕਰ ਰਹੀ ਹੈ। ਸੂਤਰਾਂ ਮੁਤਾਬਕ, ਅਮਰੀਕਾ ਦਾ ਫੈਡਰਲ ਟ੍ਰੇਡ ਕਮਿਸ਼ਨ (ਐੱਫਟੀਸੀ) ਐਮਾਜ਼ੋਨ ਤੇ ਫੇਸਬੁੱਕ ਦੀ ਜਾਂਚ ਕਰ ਰਿਹਾ, ਜਦਕਿ ਐਪਲ ਤੇ ਗੂਗਲ 'ਤੇ ਨਿਆਂ ਵਿਭਾਗ ਦੀ ਤਿੱਖੀ ਨਜ਼ਰ ਹੈ।

ਅਗਲੇ ਕਦਮ ਦੇ ਤੌਰ 'ਤੇ ਦੋਵੇਂ ਸੰਘੀ ਜਾਂਚ ਏਜੰਸੀਆਂ ਇਸ ਗੱਲ ਦਾ ਫੈਸਲਾ ਕਰਨਗੀਆਂ ਕਿ ਇਸ ਮਾਮਲੇ ਵਿਚ ਰਸਮੀ ਜਾਂਚ ਸ਼ੁਰੂ ਕੀਤੀ ਜਾਵੇ ਜਾਂ ਨਹੀਂ। ਹਾਲਾਂਕਿ ਹੁਣ ਤਕ ਅਨੁਭਵ ਦੱਸਦੇ ਹਨ ਕਿ ਇਸ ਮਾਮਲੇ ਵਿਚ ਨਤੀਜਾ ਬਹੁਤ ਛੇਤੀ ਨਹੀਂ ਆਵੇਗਾ। ਗੂਗਲ ਨੂੰ ਲੈ ਕੇ ਐੱਫਟੀਸੀ ਦੀ ਪਿਛਲੀ ਜਾਂਚ ਵਿਚ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਸੀ। ਵੱਡੀ ਟੈਕਨਾਲੋਜੀ ਕੰਪਨੀਆਂ ਨੂੰ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਕੰਪਨੀਆਂ ਕੋਲ ਬਹੁਤ ਜ਼ਿਆਦਾ ਤਾਕਤ ਹੋ ਗਈ ਹੈ। ਇਸ ਤਾਕਤ ਕਾਰਨ ਕੰਪਨੀਆਂ ਆਪਣੇ ਪ੍ਰਤੀਨਿਧੀਆਂ ਦੇ ਨਾਲ-ਨਾਲ ਯੂਜ਼ਰਸ ਨੂੰ ਵੀ ਨੁਕਸਾਨ ਪਹੁੰਚ ਰਹੀਆਂ ਹਨ। ਫਿਲਹਾਲ ਜਾਂਚ ਤੇ ਸਖ਼ਤੀ ਦੀਆਂ ਖਬਰਾਂ ਨਾਲ ਕੰਪਨੀਆਂ ਦੇ ਸ਼ੇਅਰ ਸੱਤ-ਅੱਠ ਫੀਸਦੀ ਤਕ ਟੁੱਟ ਗਏ ਹਨ। ਸ਼ੁੱਕਰਵਾਰ ਨੂੰ ਇਸ ਸਬੰਧ ਵਿਚ ਖਬਰਾਂ ਸਾਹਮਣੇ ਆਈਆਂ ਸਨ ਕਿ ਅਮਰੀਕਾ ਨਿਆਂ ਵਿਭਾਗ ਗੂਗਲ ਦੇ ਵਿਰੁੱਧ ਜਾਂਚ ਦੀ ਤਿਆਰੀ ਕਰ ਰਿਹਾ ਹੈ। ਗੂਗਲ 'ਤੇ ਜਾਂਚ ਇਸ ਸ਼ੱਕ 'ਤੇ ਹੋ ਰਹੀ ਹੈ ਕਿ ਆਪਣੀ ਤਾਕਤ ਦੇ ਦਮ ਉੱਤੇ ਕੰਪਨੀ ਛੋਟੇ ਮੁਕਾਬਲੇਬਾਜ਼ਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਹਨ। ਉਥੇ ਸ਼ਨਿਚਰਵਾਰ ਨੂੰ ਵਾਸ਼ਿੰਗਟਨ ਪੋਸਟ ਨੇ ਲਿਖਿਆ ਸੀ ਕਿ ਐਮਾਜ਼ੋਨ ਕਿਸੇ ਮਾਮਲੇ ਨੂੰ ਲੈ ਕੇ ਐੱਫਟੀਸੀ ਦੇ ਰਡਾਰ 'ਤੇ ਹੈ।

ਟਰੰਪ ਵੀ ਕਰਦੇ ਹਨ ਵਿਰੋਧ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ 'ਤੇ ਹਮਲਾਵਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕੰਪਨੀਆਂ ਜਾਣਬੁੱਝ ਕੇ ਆਪਣੇ ਪਲੇਟਫਾਰਮ 'ਤੇ ਕੁਝ ਵਿਚਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਨੇ ਐਮਾਜ਼ੋਨ 'ਤੇ ਅਮਰੀਕਾ ਦੀ ਡਾਕ ਸੇਵਾ ਦਾ ਬੇਜਾ ਫਾਇਦਾ ਚੁੱਕਣ ਦਾ ਦੋਸ਼ ਵੀ ਲਗਾਇਆ ਹੈ। ਟਰੰਪ ਇਨ੍ਹਾਂ ਕੰਪਨੀਆਂ ਦੀ ਬਾਰੀਕੀ ਨਾਲ ਜਾਂਚ ਦੇ ਪੱਖ ਵਿਚ ਰਹੇ ਹਨ।

ਨੇਤਾਵਾਂ ਨੇ ਕੀਤਾ ਜਾਂਚ ਦਾ ਸਵਾਗਤ

ਅਮਰੀਕਾ ਵਿਚ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨੇ ਵੱਡੀ ਟੈਕ ਕੰਪਨੀਆਂ ਦੇ ਵਿਰੁੱਧ ਜਾਂਚ ਦਾ ਸਵਾਗਤ ਕੀਤਾ ਹੈ। ਸੀਨੇਟ ਦੀ ਨਿਆਂਇਕ ਕਮੇਟੀ ਦੇ ਚੇਅਰਮੈਨ ਅਤੇ ਰਿਪਬਿਲਕਨ ਨੇਤਾ ਲਿੰਡਸੇ ਗਾਰਹਮ ਦਾ ਕਹਿਣਾ ਹੈ ਕਿ ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਦੇ ਬਿਜਨੈਸ ਮਾਡਲ ਦੀ ਜਾਂਚ ਹੋਣੀ ਚਾਹੀਦੀ। ਇਨ੍ਹਾਂ ਕੰਪਨੀਆਂ ਨੂੰ ਬਹੁਤ ਜ਼ਿਆਦਾ ਤਾਕਤ ਮਿਲ ਗਈ ਹੈ ਅਤੇ ਇਨ੍ਹਾਂ ਦੇ ਪ੍ਰਬੰਧਾਂ ਵਿਚ ਬੇਨਿਯਮੀਆਂ ਹਨ। ਡੈਮੋਕ੍ਰੇਟਿਕ ਨੇਤਾ ਰਿਚਰਡ ਬਲੂਮੈਂਥਲ ਨੇ ਵੀ ਜਾਂਚ ਦਾ ਸਵਾਗਤ ਕੀਤਾ ਹੈ।