ਨਵੀਂ ਦਿੱਲੀ : ਬੀਤੇ ਡੇਢ ਵਰ੍ਹੇ ਤੋਂ ਮਿਊਚਲ ਫੰਡਾਂ ਦੇ ਰਡਾਰ ਤੋਂ ਦੂਰ ਰਹੇ ਛੋਟੇ ਤੇ ਮੱਧਮ ਸ਼ੇਅਰ ਫਿਰ ਤੋਂ ਸੰਸਥਾਗਤ ਨਿਵੇਸ਼ਕਾਂ ਦੀ ਪਸੰਦ ਬਣ ਸਕਦੇ ਹਨ। ਮਿਡਕੈਪ ਤੇ ਸਮਾਲਕੈਪ ਕੰਪਨੀਆਂ ਦੀ ਪਰਿਭਾਸ਼ਾ 'ਚ ਬਦਲਾਅ ਮਗਰੋਂ ਇਨ੍ਹਾਂ ਦੇ ਸ਼ੇਅਰਾਂ 'ਚ ਆਈ ਤੇਜ਼ ਗਿਰਾਵਟ ਮਗਰੋਂ ਹੁਣ ਫਿਰ ਤੋਂ ਇਨ੍ਹਾਂ 'ਚ ਚਮਕ ਪਰਤਨ ਦੀਆਂ ਸੰਭਾਵਨਾਵਾਂ ਬਣਨ ਲੱਗੀਆਂ ਹਨ। ਜਨਵਰੀ 2018 ਮਗਰੋਂ ਨਿਫਟੀ 50 ਦੀ ਤੁਲਨਾ 'ਚ ਇਨ੍ਹਾਂ ਦੋਵੇਂ ਵਰਗਾਂ ਦੇ ਸੂਚਕਾਂਕਾਂ 'ਚ ਵਾਧੇ ਦੀ ਦਰ ਬੇਹੱਦ ਘੱਟ ਰਹੀ ਹੈ। ਕੋਟਕ ਸਕਿਓਰਿਟੀਜ਼ ਦੀ ਇਕ ਰਿਪੋਰਟ ਮੁਤਾਬਕ ਜਨਵਰੀ 2018 ਮਗਰੋਂ ਮਿਡਕੈਪ ਤੇ ਸਮਾਲਕੈਪ ਇੰਡੈਕਸ 'ਚ ਤੇਜ਼ ਗਿਰਾਵਟ ਆਈ। ਮਿਡਕੈਪ ਇੰਡੈਕਸ 26 ਤੇ ਸਮਾਲਕੈਪ ਇੰਡੈਕਸ 35 ਫ਼ੀਸਦੀ ਤਕ ਡਿੱਗ ਗਿਆ। ਇਨ੍ਹਾਂ ਦੇ ਮੁਕਾਬਲੇ ਨਿਫਟੀ 50 'ਚ ਸਿਰਫ 10 ਫ਼ੀਸਦੀ ਦੀ ਗਿਰਾਵਟ ਹੋਈ। ਪਰ ਆਪਣੇ ਘੱਟ ਤੋਂ ਘੱਟ 'ਤੇ ਆਉਣ ਮਗਰੋਂ ਇਸ ਮਹੀਨੇ ਦੀ 24 ਤਰੀਕ ਤਕ ਨਿਫਟੀ 50 'ਚ 18 ਫ਼ੀਸਦੀ ਦਾ ਵਾਧਾ ਹੋਇਆ ਹੈ। ਜਦਕਿ ਐੱਨਐੱਸਈ ਮਿਡਕੈਪ ਇੰਡੈਕਸ 'ਚ ਇਹ ਵਾਧਾ ਸਿਰਫ 11 ਫ਼ੀਸਦੀ ਦਾ ਹੋਇਆ। ਇਸ ਦੇ ਮੁਕਾਬਲੇ ਬੀਐੱਸਈ ਸਮਾਲਕੈਪ ਇੰਡੈਕਸ 'ਚ 12 ਫ਼ੀਸਦੀ ਦਾ ਹੀ ਵਾਧਾ ਹੋ ਪਾਇਆ।

ਪਰ ਮੰਨਿਆ ਜਾ ਰਿਹਾ ਹੈ ਕਿ ਮਿਡਕੈਪ ਤੇ ਸਮਾਲਕੈਪ ਇੰਡੈਕਸ 'ਚ ਇਸ ਕਦਰ ਗਿਰਾਵਟ ਮਗਰੋਂ ਹੁਣ ਭਵਿੱਖ 'ਚ ਇਨ੍ਹਾਂ 'ਚ ਸੁਧਾਰ ਦੀ ਉਮੀਦ ਵੇਖੀ ਜਾ ਰਹੀ ਹੈ। ਰਿਪੋਰਟ 'ਚ ਬਲੂਮਬਰਗ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 250 ਅਰਬ ਰੁਪਏ ਤੋਂ ਵੱਧ ਦੀ ਮਾਰਕੀਟ ਕੈਪਿਟਲਾਈਜੇਸ਼ਨ ਵਾਲੀਆਂ ਕੰਪਨੀਆਂ 'ਚ 10 ਫ਼ੀਸਦੀ ਤੇਜ਼ੀ ਦੀ ਗੁੰਜਾਇਸ਼ ਹੋ ਸਕਦੀ ਹੈ। ਜਦਕਿ 250 ਅਰਬ ਰੁਪਏ ਤੋਂ ਘੱਟ ਮਾਰਕੀਟ ਕੈਪ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ 'ਚ 18 ਫ਼ੀਸਦੀ ਦੇ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ, ਜਦਕਿ 50 ਅਰਬ ਰੁਪਏ ਤੋਂ ਘੱਟ ਦੀ ਮਾਰਕੀਟ ਕੈਪ ਵਾਲੀਆਂ ਕੰਪਨੀਆਂ 'ਚ 30 ਫ਼ੀਸਦੀ ਦੇ ਵਾਧੇ ਦੀ ਉਮੀਦ ਹੈ।

ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਸੰਸਥਾਗਤ ਨਿਵੇਸ਼ਕ ਭਵਿੱਖ 'ਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ 'ਚ ਰੂਚੀ ਦਿਖਾ ਸਕਦੇ ਹਨ। ਉਂਝ ਵੀ ਸਾਲ 2014 ਤੋਂ 2018 ਤਕ ਨਿਫਟੀ 50 ਦੀ ਤੁਲਨਾ 'ਚ ਮਿਡਕੈਪ ਤੇ ਸਮਾਲਕੈਪ ਕੰਪਨੀਆਂ 'ਚ ਨਿਵੇਸ਼ ਦਾ ਪ੍ਰਵਾਹ ਕਾਫੀ ਵੱਧ ਰਿਹਾ ਸੀ। ਇਸ ਕਾਰਨ ਇਨ੍ਹਾਂ ਦੋਵੇਂ ਵਰਗਾਂ ਦੇ ਇੰਡੈਕਸ 'ਚ ਨਿਫਟੀ 50 ਤੋਂ ਕਿਤੇ ਵੱਧ ਰਫ਼ਤਾਰ ਨਾਲ ਵਾਧਾ ਵੇਖਿਆ ਗਿਆ ਸੀ।