ਨਵੀਂ ਦਿੱਲੀ (ਏਜੰਸੀ) : ਸਰਾਫਾ ਬਾਜ਼ਾਰ ਵਿਚ ਮੰਗਲਵਾਰ ਦਾ ਦਿਨ ਪੂਰੀ ਤਰ੍ਹਾਂ ਚਾਂਦੀ ਦਾ ਰਿਹਾ। ਦਿਨ ਦੇ ਕਾਰੋਬਾਰ ਵਿਚ ਇਹ ਸਫੈਦ ਧਾਤੂ 2,000 ਰੁਪਏ ਉਛਲ ਕੇ 45,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਇਹ ਚਾਂਦੀ ਦਾ ਉੱਚ ਪੱਧਰ ਹੈ। ਹਾਲਾਂਕਿ ਸੋਨੇ ਦਾ ਭਾਅ 100 ਰੁਪਏ ਦੀ ਗਿਰਾਵਟ ਦੇ ਨਾਲ 38, 370 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਵਾਈਸ ਪ੍ਰਰੈਜੀਡੈਂਟ ਸੁਰਿੰਦਰ ਜੈਨ ਦਾ ਕਹਿਣਾ ਸੀ ਕਿ ਵਿਦੇਸ਼ੀ ਬਾਜ਼ਾਰਾਂ ਵਿਚ ਸਫੈਦ ਧਾਤੂ ਵਿਚ ਨਿਵੇਸ਼ਕਾਂ ਦੀ ਵਧੀ ਦਿਲਚਸਪੀ ਦਾ ਫਾਇਦਾ ਘਰੇਲੂ ਬਾਜ਼ਾਰ ਵਿਚ ਚਾਂਦੀ ਦੇ ਭਾਅ 'ਤੇ ਦਿਖਿਆ। ਇਸ ਕਾਰਨ ਚਾਂਦੀ 45,000 ਰੁਪਏ ਦੇ ਉੱਚ ਪੱਧਰ 'ਤੇ ਪੁੱਜ ਸਕੀ। ਘਰੇਲੂ ਬਾਜ਼ਾਰ ਵਿਚ ਚਾਂਦੀ ਦਾ ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਇਕਾਈਆਂ ਨੇ ਹੱਥੋਂ-ਹੱਥ ਲਿਆ ਪਰ ਵਿਦੇਸ਼ੀ ਬਾਜ਼ਾਰਾਂ ਵਿਚ ਮਜ਼ਬੂਤ ਸੰਕੇਤਾਂ ਦੇ ਬਾਵਜੂਦ ਸੋਨੇ ਦਾ ਭਾਅ ਘਰੇਲੂ ਬਾਜ਼ਾਰ ਵਿਚ ਕਮਜ਼ੋਰ ਰਿਹਾ। ਨਿਊਯਾਰਕ ਵਿਚ ਸੋਨੇ ਦਾ ਬਾਅ ਮਜ਼ਬੂਤੀ ਦੇ ਨਾਲ 1, 520.37 ਡਾਲਰ ਅਤੇ ਚਾਂਦੀ ਦਾ ਭਾਅ ਉਛਾਲ ਦੇ ਨਾਲ 17.32 ਡਾਲਰ ਪ੍ਰਤੀ ਔਸ (28.35 ਗ੍ਰਾਮ) 'ਤੇ ਸੀ। ਨਵੀਂ ਦਿੱਲੀ ਵਿਚ 99.9 ਫ਼ੀਸਦੀ ਖਰਾ ਸੋਨਾ 38, 370 ਰੁਪਏ, ਜਦਕਿ 99.5 ਫ਼ੀਸਦੀ ਘਰਾ ਸੋਨਾ 38,200 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ। ਹਾਲਾਂਕਿ ਸੋਨੇ ਦੀ ਅੱਠ ਗ੍ਰਾਮ ਗਿੰਨੀ ਦਾ ਭਾਅ 200 ਰੁਪਏ ਉਛਲ ਕੇ 28,800 ਰੁਪਏ ਦੇ ਪੱਧਰ 'ਤੇ ਚਲਾ ਗਿਆ। ਚਾਂਦੀ ਹਾਜ਼ਿਰ 2,000 ਰੁਪਏ ਉਛਲ ਕੇ 45,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਜਾ ਪੁੱਜਿਆ। ਚਾਂਦੀ ਦਾ ਹਫਤਾ ਆਧਾਰਿਤ ਡਿਲਵਿਰੀ ਭਾਅ 956 ਰੁਪਏ ਦੀ ਮਜ਼ਬੂਤੀ ਦੇ ਨਾਲ 44,280 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਿਹਾ। ਚਾਂਦੀ ਦੇ ਸਿੱਕਿਆਂ ਦਾ ਭਾਅ 1000 ਰੁਪਏ ਪ੍ਰਤੀ ਸੈਂਕੜਾ ਚੜ੍ਹ ਕੇ 89,000 ਰੁਪਏ ਖ਼ਰੀਦ ਅਤੇ 90,000 ਰੁਪਏ ਵਿਕਰੀ 'ਤੇ ਜਾ ਪੁੱਜਿਆ।