ਨਵੀਂ ਦਿੱਲੀ : ਜ਼ੋਮੈਟੋ ਵੱਲੋਂ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰ 17 ਫੀਸਦੀ ਤਕ ਵਧੇ। ਕੰਪਨੀ ਨੂੰ ਮਾਰਚ ਤਿਮਾਹੀ 'ਚ ਸਾਲਾਨਾ ਆਧਾਰ 'ਤੇ 359.7 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਇਹ 134.2 ਕਰੋੜ ਰੁਪਏ ਸੀ।

ਇਸ ਦੇ ਬਾਵਜੂਦ ਕੰਪਨੀ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਕੰਪਨੀ ਦਾ ਘਾਟਾ ਭਾਵੇਂ ਵਧਿਆ ਹੋਵੇ ਪਰ ਇਸ ਦੀ ਆਮਦਨ ਵੀ 75 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। ਕੰਪਨੀ ਨੇ ਮਾਰਚ ਤਿਮਾਹੀ ਵਿੱਚ ਸੰਚਾਲਨ ਤੋਂ 1211.8 ਕਰੋੜ ਦੀ ਕਮਾਈ ਕੀਤੀ ਹੈ। ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 692.4 ਕਰੋੜ ਰੁਪਏ ਸੀ।

ਧਿਆਨ ਯੋਗ ਹੈ ਕਿ ਇਸ ਸਮੇਂ ਕੰਪਨੀ ਦੇ ਸ਼ੇਅਰ NSE 'ਤੇ 64 ਰੁਪਏ ਦੇ ਨੇੜੇ ਕਾਰੋਬਾਰ ਕਰ ਰਹੇ ਹਨ। ਕੰਪਨੀ ਕੋਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਬਿਹਤਰ ਦ੍ਰਿਸ਼ਟੀਕੋਣ ਹੈ ਤੇ ਪੂੰਜੀ ਵੰਡ ਲਈ ਇੱਕ ਸਖ਼ਤ ਢਾਂਚਾ ਹੈ। ਕੰਪਨੀ ਸਹੀ ਦਿਸ਼ਾ 'ਚ ਵਧ ਰਹੀ ਹੈ ਪਰ ਉੱਚ ਉਮੀਦਾਂ 'ਤੇ ਖਰਾ ਉਤਰਨ ਲਈ ਇਸ ਨੂੰ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।

ਨਕਦੀ ਬਚਾਉਣ ਬਾਰੇ ਸਾਵਧਾਨ

ਜ਼ੋਮੈਟੋ ਦੇ ਸੀਈਓ ਦੀਪਇੰਦਰ ਗੋਇਲ ਨੇ ਕਿਹਾ ਹੈ ਕਿ ਕੰਪਨੀ ਵੱਧ ਰਹੇ ਨੁਕਸਾਨ ਦੇ ਵਿਚਕਾਰ ਨਕਦੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਹੁਣ ਕਿਸੇ ਵੀ ਨਵੇਂ ਕਵਿੱਕ ਕਾਮਰਸ ਸਪੇਸ ਵਿੱਚ ਨਿਵੇਸ਼ ਨਹੀਂ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਲਈ 400 ਮਿਲੀਅਨ ਡਾਲਰ ਪਹਿਲਾਂ ਹੀ ਰਾਖਵੇਂ ਰੱਖੇ ਹੋਏ ਹਨ। ਕੰਪਨੀ ਨੇ ਡਿਲੀਵਰੀ ਪਾਰਟਨਰ ਦੀ ਕਮੀ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਡਿਲੀਵਰੀ ਪਾਰਟਨਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ੋਮੈਟੋ ਦਾ ਕਹਿਣਾ ਹੈ ਕਿ ਕੋਵਿਡ-19 ਦੀ ਪਹਿਲੀ ਲਹਿਰ ਵਿੱਚ ਬਹੁਤ ਸਾਰੇ ਵਰਕਰ ਆਪਣੇ ਪਿੰਡਾਂ ਨੂੰ ਪਰਤ ਗਏ ਸਨ, ਜੋ ਅਜੇ ਤਕ ਵਾਪਸ ਨਹੀਂ ਆਏ।

Posted By: Sarabjeet Kaur