ਮੁੰਬਈ : ਰਿਜ਼ਰਵ ਬੈਂਕ ਨੇ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐੱਚਡੀਐੱਫਸੀ ਦੇ ਸੀਈਓ ਤੇ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦੇ ਉਤਰਾਧਿਕਾਰੀ ਦੇ ਰੂਪ 'ਚ ਸ਼ਸ਼ੀਧਰ ਜਗਦੀਸ਼ਨ ਦੇ ਨਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਦੋ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਗਦੀਸ਼ਨ ਇਸ ਸਮੇਂ ਬੈਂਕ ਦੇ 'ਚੇਂਜ ਏਜੰਟ' ਤੇ ਫਾਇਨਾਂਸ ਵਿਭਾਗ ਦੇ ਮੁਖੀ ਦੇ ਰੂਪ 'ਚ ਕੰਮ ਕਰ ਰਹੇ ਹਨ। ਉਹ 1996 ਤੋਂ ਬੈਂਕ ਨਾਲ ਜੁੜੇ ਹੋਏ ਹਨ। ਜਗਦੀਸ਼ਨ ਦੀ ਨਿਯੁਕਤੀ ਨਾਲ ਪੁਰੀ ਦੇ ਉਤਰਾਧਿਕਾਰੀ ਨੂੰ ਲੈ ਕੇ ਲਗਾਏ ਜਾ ਰਹੇ ਤਾਮਾਮ ਕਿਆਸਾਂ 'ਤੇ ਵਿਰਾਮ ਲੱਗ ਜਾਵੇਗਾ। ਪੂਰੀ ਬੈਂਕਿੰਗ ਇੰਡਸਟਰੀ ਤੇ ਕਾਰੋਬਾਰੀ ਜਗਤ 'ਚ ਇਸ ਗੱਲ ਨੂੰ ਲੈ ਕੇ ਕਾਫ਼ੀ ਜਗਿਆਸਾ ਸੀ ਕਿ ਐੱਚਡੀਐੱਫਸੀ ਬੈਂਕ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਾਲੇ ਪੁਰੀ ਦੀ ਜਗ੍ਹਾ ਕੌਣ ਲਵੇਗਾ।

ਐੱਚਡੀਐੱਫਸੀ ਬੈਂਕ ਨੂੰ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਬੈਂਕ ਤੇ ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਬੈਂਕ ਬਣਾਉਣ ਦਾ ਮਾਣ ਪੁਰੀ ਨੂੰ ਜਾਂਦਾ ਹੈ। ਉਹ ਕਰੀਬ 25 ਸਾਲ ਤੋਂ ਬੈਂਕ ਦੀ ਅਗਵਾਈ ਕਰ ਰਹੇ ਹਨ। ਪੁਰੀ 20 ਅਕਤੂਬਰ ਨੂੰ ਆਪਣੇ ਅਹੁਦੇ ਤੋਂ ਸੇਵਾ-ਮੁਕਤ ਹੋਣਗੇ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਬੈਂਕ ਨੇ ਸੋਮਵਾਰ ਸ਼ਾਮ ਨੂੰ ਜਗਦੀਸ਼ਨ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਐੱਚਡੀਐੱਫਸੀ ਬੈਂਕ ਆਪਣੇ ਵੱਲੋਂ ਤਿੰਨ ਉਮੀਦਵਾਰਾਂ ਦੀ ਇਕ ਸੂਚੀ ਕੇਂਦਰੀ ਬੈਂਕ ਨੂੰ ਦਿੱਤੀ ਸੀ। ਬੈਂਕ ਨੇ ਇਸ ਸੂਚੀ 'ਚ ਕੰਮ ਦੇ ਆਧਾਰ 'ਤੇ ਉਮੀਦਵਾਰਾਂ ਦੇ ਨਾਂ ਭੇਜੇ ਸਨ। ਹੁਣ ਬੈਂਕ ਸਟਾਕ ਐਕਸਚੇਂਜ ਨੂੰ ਆਰਬੀਆਈ ਵੱਲੋਂ ਮਨਜ਼ੂਰ ਨਾਂ ਦੀ ਜਾਣਕਾਰੀ ਦੇਵੇਗਾ।

ਉਥੇ ਹੀ ਇਸ ਤੋਂ ਪਹਿਲਾਂ ਦੀ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਬੈਂਕ ਨੇ ਸੀਈਓ ਤੇ ਐੱਮਡੀ ਵਜੋਂ ਉਮੀਦਵਾਰ ਸ਼ਸ਼ੀਧਰ ਜਗਦੀਸ਼ਨ ਤੇ ਕੈਜਾਦ ਭਰੂਚਾ ਤੇ ਸਿਟੀ ਬੈਂਕ ਦੇ ਸੁਨੀਲ ਗਰਗ ਦੇ ਨਾਂ ਕੇਂਦਰੀ ਬੈਂਕ ਨੂੰ ਭੇਜੇ ਸਨ।

Posted By: Harjinder Sodhi