ਮੁੰਬਈ (ਏਜੰਸੀ) : ਪਿਛਲੇ ਕਈ ਸੈਸ਼ਨਾਂ ਵਿਚ ਲਗਾਤਾਰ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਭਾਰਤੀ ਸ਼ੇਅਰ ਬਾਜ਼ਾਰ ਵੱਡੇ ਉਛਾਲ ਦੇ ਨਾਲ ਬੰਦ ਹੋਏ। ਇਸ ਦੌਰਾਨ ਬੈਂਕਿੰਗ, ਫਾਇਨਾਂਸ਼ੀਅਲ ਤੇ ਮੈਟਲ ਸੈਕਟਰ ਦੇ ਸਟਾਕਸ ਵਿਚ ਕਾਫੀ ਰੌਣਕ ਦੇਖੀ ਗਈ। ਦਿਨ ਦੇ ਕਾਰੋਬਾਰ ਵਿਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 645.97 ਅੰਕ ਮਤਲਬ 1.72 ਫ਼ੀਸਦੀ ਦੇ ਉਛਾਲ ਦੇ ਨਾਲ 38,177.95 ਦੇ ਪੱਧਰ 'ਤੇ ਬੰਦ ਹੋਇਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਵਾਲੇ ਨਿਫਟੀ ਨੇ 186.90 ਅੰਕ ਮਤਲਬ 1.68 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ। ਇਹ 11,313.30 'ਤੇ ਬੰਦ ਹੋਇਆ। ਸੈਂਸੈਕਸ ਵਿਚ ਵੱਡਾ ਉਛਾਲ ਦਰਜ ਕਰਨ ਵਾਲੇ ਸਟਾਕਸ ਵਿਚ ਇੰਡਸਇੰਡ ਬੈਂਕ ਸਭ ਤੋਂ ਉਪਰ ਰਿਹਾ। ਦਿਨ ਦੇ ਕਾਰੋਬਾਰ ਵਿਚ ਇਸ ਦੇ ਸ਼ੇਅਰਾਂ ਵਿਚ 5.45 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ। ਉਛਾਲ ਲੈਣ ਵਾਲੇ ਹੋਰ ਸ਼ੇਅਰਾਂ ਵਿਚ ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਐੱਸਬੀਆਈ, ਮਹਿੰਦਰਾ ਐਂਡ ਮਹਿੰਦਰਾ, ਕੋਟਕ ਬੈਂਕ, ਟਾਟਾ ਸਟੀਲ ਤੇ ਐੱਚਡੀਐੱਫਸੀ ਬੈਂਕ ਰਹੇ। ਸੰਕਟ ਦਾ ਸਾਹਮਣਾ ਕਰਨ ਰਹੇ ਯੈੱਸ ਬੈਂਕ ਦੇ ਸ਼ੇਅਰ 5.26 ਫ਼ੀਸਦੀ ਡਿੱਗ ਗਏ। ਇਸ ਤੋਂ ਇਲਾਵਾ ਹੀਰੋ ਮੋਟੋਕਾਰਪ, ਐੱਚਸੀਐੱਲ ਟੈੱਕ, ਆਈਟੀਸੀ, ਟੀਸੀਐੱਸ, ਇਨਫੋਸਿਸ, ਓਐੱਨਜੀਸੀ ਤੇ ਬਜਾਜ ਆਟੋ ਦੇ ਸ਼ੇਅਰ ਵਿਚ 2.65 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਹਿਲਾ ਮੰਗਲਵਾਰ ਨੂੰ ਦੁਸਹਿਰੇ ਦੀ ਛੁੱਟੀ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇ।

ਐੱਚਡੀਆਈਐੱਲ ਦੇ ਸ਼ੇਅਰ ਪਿਛਲੇ 17 ਸੈਸ਼ਨਾਂ ਵਿਚ 50 ਫ਼ੀਸਦੀ ਡਿੱਗੇ

ਨਵੀਂ ਦਿੱਲੀ (ਏਜੰਸੀ) : ਬੁੱਧਵਾਰ ਦੇ ਕਾਰੋਬਾਰ ਵਿਚ ਹਾਊਸਿੰਗ ਡਿਵਲਪਮੈਂਟ ਐਂਡ ਇਨਫਰਾਸਟੱਕਚਰ ਲਿਮ. (ਐੱਚਡੀਆਈਐੱਲ) ਦੇ ਸ਼ੇਅਰ ਕਰੀਬ ਪੰਜ ਫ਼ੀਸਦੀ ਹੋਰ ਡਿੱਗ ਗਏ ਹਨ। ਇਹ ਗਿਰਾਵਟ ਇਸ ਖ਼ਬਰ ਤੋਂ ਬਾਅਦ ਆਈ ਕਿ ਇਸ ਦੇ ਆਡਿਟਰਸ ਪੀਐੱਮਸੀ ਬੈਂਕ ਮਾਮਲੇ ਵਿਚ ਜਾਂਚ ਦੇ ਦਾਇਰੇ ਵਿਚ ਆ ਸਕਦੇ ਹਨ। ਪਿਛਲੇ 17 ਸੈਸ਼ਨਾਂ ਵਿਚ ਕੰਪਨੀ ਦੇ ਸ਼ੇਅਰ 52.8 ਫ਼ੀਸਦੀ ਡਿੱਗ ਚੁੱਕੇ ਹਨ। ਸਟਾਕ ਐਕਸਚੇਂਜ ਵਿਚ ਐੱਚਡੀਆਈਐੱਲ ਦੇ ਸ਼ੇਅਰ ਲੋਅਰ ਲਿਮਟ ਦੇ ਕਰੀਬ ਆ ਗਏ। ਸੂਤਰਾਂ ਮੁਤਾਬਕ ਪੀਐੱਮਸੀ ਬੈਂਕ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਐੱਚਡੀਅਆਈਐੱਲ ਦੇ ਆਡਿਟਰਸ ਨੂੰ ਆਪਣੀ ਜਾਂਚ ਦੇ ਦਾਇਰੇ ਵਿਚ ਲਿਆ ਸਕਦੀ ਹੈ।