ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਬਹੁਤ ਵੱਡੀ ਗਿਰਾਵਟ ਨਾਲ ਖੁੱਲ੍ਹਿਆ। ਸਵੇਰੇ 9 ਵਜ ਕੇ 15 ਮਿੰਟ 'ਤੇ ਬੰਬੇ ਸਟੌਕ ਐਕਸਚੇਂਜ ਦਾ ਸੂਚਕ ਅੰਕ ਸੈਂਸੇਕਸ 1441.82 ਅੰਕਾਂ ਦੀ ਗਿਰਾਵਟ ਤੋਂ ਬਾਅਦ 37,028.79 'ਤੇ ਖੁੱਲ੍ਹਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 403.15 ਅੰਕ ਕਮਜ਼ੋਰ ਹੋ ਕੇ 10,865.85 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤਕ ਸੈਂਸੇਕਸ 1162.50 ਅੰਕਾਂ (3.02%) ਦੀ ਗਿਰਾਵਟ ਨਾਲ 37,308.11 ਤੇ ਨਿਫਟੀ 351.10 (3.12%) ਅੰਕ ਟੁੱਟ ਕੇ 10,917.90 ਅੰਕਾਂ 'ਤੇ ਕਾਰੋਬਾਰ ਕਰ ਰਹੇ ਸਨ। ਨਿਫਟੀ ਦੇ 50 ਸ਼ੇਅਰਾਂ 'ਚੋਂ 1 ਸ਼ੇਅਰ ਹਰੇ ਨਿਸ਼ਾਨ ਤੇ 49 ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ। ਸ਼ੁਰੂਆਤੀ ਕਾਰੋਬਾਰ 'ਚ ਯੈੱਸ ਬੈਂਕ ਦੇ ਸ਼ੇਅਰ 25 ਫ਼ੀਸਦੀ ਤਕ ਡਿੱਗ ਗਏ।

ਬਾਜ਼ਾਰ 'ਚ ਗਿਰਾਵਟ ਦੀ ਵਜ੍ਹਾ ਸ਼ੇਅਰ ਬਾਜ਼ਾਰ ਸਬੰਧੀ ਨਿਵੇਸ਼ਕਾਂ ਦੀ ਕਮਜ਼ੋਰ ਧਾਰਨਾ, ਯੈੱਸ ਬੈਂਕ 'ਚੋਂ ਪੈਸੇ ਕਢਵਾਉਣ ਸਬੰਧੀ ਆਰਬੀਆਈ ਵੱਲੋਂ ਜਾਰੀ ਨੋਟੀਫਿਕੇਸ਼ਨ ਮੁੱਖ ਰਹੀਆਂ। ਇਸ ਤੋਂ ਇਲਾਵਾ ਦੇਸ਼ ਵਿਚ ਕੋਰੋਨਾ ਵਾਇਰਸ ਦਾ ਵਧਦਾ ਖ਼ਤਰਾ ਵੀ ਗਿਰਾਵਟ ਦੀ ਵਜ੍ਹਾ ਰਿਹਾ।

ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਵੱਡੀ ਗਿਰਾਵਟ ਨਾਲ 5 ਲੱਖ ਨਿਵੇਸ਼ਕਾਂ ਦਾ ਧਨ ਸੈਂਕੜਿਆਂ 'ਚ ਸੁਆਹ ਹੋ ਗਿਆ। ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਵੀ ਡਿੱਗ ਗੇ 74 ਦੇ ਪੱਧਰ 'ਤੇ ਪਹੁੰਚ ਗਿਆ।

ਨਿਵੇਸ਼ਕਾਂ ਨੇ ਆਸ ਪ੍ਰਗਟਾਈ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਦੇ ਯਤਨਾਂ ਨਾਲ ਕੋਰੋਨਾ ਵਾਇਰਸ ਦਾ ਅਸਰ ਘਟਾਇਆ ਜਾ ਸਕੇਗਾ। ਕੌਮਾਂਤਰੀ ਮੁਦਰਾ ਕੋਸ਼ ਨੇ ਕਿਹਾ ਹੈ ਕਿ ਐਮਰਜੈਂਸੀ ਵਿੱਤੀ ਸਹੂਲਤ ਤਹਿਤ ਘੱਟ ਆਮਦਨ ਤੇ ਉੱਭਰਦੇ ਦੇਸ਼ਾਂ ਨੂੰ 50 ਅਰਬ ਡਾਲਰ ਮੁਹੱਈਆ ਕਰਵਾਏਗਾ। ਇਹ ਦੇਸ਼ ਸੰਭਾਵੀ ਰੂਪ 'ਚ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸਮਰਥਨ ਮੰਗ ਸਕਦੇ ਹਨ।

Posted By: Seema Anand