ਨਵੀਂ ਦਿੱਲੀ (ਏਜੰਸੀ) : ਕਮਜ਼ੋਰ ਮੰਗ ਦੇ ਕਾਰਨ ਅਗਸਤ 'ਚ ਦੇਸ਼ ਦੇ ਸਰਵਿਸ ਸੈਕਟਰ ਦੇ ਵਿਕਾਸ 'ਚ ਸੁਸਤੀ ਆਈ ਹੈ। ਨਵੇਂ ਕਾਰੋਬਾਰ ਦੇ ਕਮਜ਼ੋਰ ਗ੍ਰੋਥ ਰੇਟ, ਰੁਜ਼ਗਾਰ ਪੈਦਾ ਕਰਨ ਦੀ ਹੌਲੀ ਰਫ਼ਤਾਰ ਅਤੇ ਉਤਪਾਦਨ ਵਿਚ ਸੁਸਤੀ ਕਾਰਨ ਅਜਿਹਾ ਹੋਇਆ ਹੈ। ਆਈਐੱਚਐੱਸ ਮਾਰਕੀਟ ਦਾ ਇੰਡੀਆ ਸਰਵਿਸੇਜ਼ ਬਿਜਨਸ ਇਕਵਿਟੀ ਅੰਕੜਾ (ਪੀਐੱਮਆਈ) ਅਗਸਤ ਵਿਚ ਘਟ ਕੇ 52.4 'ਤੇ ਆ ਗਿਆ, ਜੋ ਜੁਲਾਈ ਵਿਚ 53.8 'ਤੇ ਸੀ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਉਤਪਾਦਨ ਵਧਣ ਦੀ ਰਫ਼ਤਾਰ ਸੁਸਤ ਹੋਈ ਹੈ। ਹਾਲਾਂਕਿ, ਪੀਐੱਮਆਈ ਆਊਟਪੁੱਟ ਇੰਡੈਕਸ 'ਚ ਲਗਾਤਾਰ 18ਵੇਂ ਮਹੀਨੇ ਵਿਸਥਾਰ ਨਜ਼ਰ ਆਇਆ। ਪੀਐੱਮਆਈ ਦਾ 50 ਤੋਂ ਉਪਰ ਰਹਿਣਾ ਵਿਸਥਾਰ ਅਤੇ ਇਸ ਤੋਂ ਥੱਲੇ ਆਉਣਾ ਗਿਰਾਵਟ ਦਾ ਸੰਕੇਤ ਹੁੰਦਾ ਹੈ। ਆਈਐੱਚਐੱਸ ਮਾਰਕੀਟ ਦੀ ਪ੍ਰਧਾਨ ਅਰਥਸਾਸ਼ਤਰੀ ਪਾਲਿਆਨਾ ਡੀ ਲਿਮਾ ਨੇ ਕਿਹਾ ਕਿ ਭਾਰਤ ਦੇ ਸੇਵਾ ਖੇਤਰ ਦਾ ਪੀਐੱਮਆਈ ਵੀ ਮੈਨੂੰਫੈਕਚਰਿੰਗ ਸੈਕਟਰ ਦੇ ਰੁਝਾਨ ਦੀ ਹੀ ਦਿਸ਼ਾ 'ਚ ਚੱਲ ਪਿਆ ਹੈ। ਇਹ ਵਿੱਤ ਸਾਲ 2019-20 ਦੀ ਦੂਜੀ ਤਿਮਾਹੀ ਯਾਨੀ ਜੁਲਾਈ-ਸਤੰਬਰ 2019 ਮਿਆਦ ਲਈ ਅਰਥਵਿਵਸਥਾ 'ਚ ਨਰਮੀ ਦੀ ਬੁਰੀ ਖ਼ਬਰ ਲੈ ਕੇ ਆ ਰਿਹਾ ਹੈ।

ਕੰਪੋਜ਼ਿਟ ਆਊਟਪੁੱਟ ਇੰਡੈਕਸ ਵੀ ਡਿੱਗਿਆ

ਆਈਐੱਚਐੱਸ ਮਾਰਕੀਟ ਦਾ ਇੰਡੀਆ ਕੰਪੋਜ਼ਿਟ ਪੀਐੱਮਆਈ ਆਊਟਪੁੱਡ ਇੰਡੈਕਸ ਅਗਸਤ 'ਚ ਘਟ ਕੇ 52.6 ਰਹਿ ਗਿਆ। ਇਹ ਜੁਲਾਈ 'ਚ 53.9 'ਤੇ ਸੀ। ਇਸ ਇੰਡੈਕਸ ਵਿਚ ਮੈਨੂੰਫੈਕਚਰਿੰਗ ਅਤੇ ਸਰਵਿਸ ਸੈਕਟਰ, ਦੋਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਉਥੇ ਨਵੇਂ ਆਰਡਰ ਵਿਚ ਅਗਸਤ 'ਚ ਕਮੀ ਦੇਖਣ ਨੂੰ ਮਿਲੀ ਹੈ। ਅਗਸਤ ਵਿਚ ਨਿੱਜੀ ਖੇਤਰ ਵਿਚ ਨੌਕਰੀਆਂ ਵਧੀਆਂ ਹਨ ਪਰ ਰਫ਼ਤਾਰ ਹੌਲੀ ਰਹੀ। ਵੈਸੇ ਗਿਰਾਵਟ ਦੇ ਬਾਵਜੂਦ ਸੇਵਾ ਖੇਤਰ ਦੀਆਂ ਕੰਪਨੀਆਂ ਦਾ ਮੰਨਣਾ ਹੈ ਕਿ ਆਗਾਮੀ 12 ਮਹੀਨਿਆਂ ਵਿਚ ਕਾਰੋਬਾਰ ਗਤੀਵਿਧੀਆਂ ਤੇਜ਼ ਹੋਣਗੀਆਂ।