ਮੁੰਬਈ (ਪੀਟੀਆਈ) : ਲਗਾਤਾਰ ਤੀਜੇ ਸੈਸ਼ਨ ਵਾਧਾ ਦਰਜ ਕਰਦਿਆਂ ਬੀਐੱਸਈ ਦਾ ਸੈਂਸੈਕਸ ਸੂਚਕ ਅੰਕ ਇਕ ਵਾਰੀ ਫਿਰ 51 ਹਜ਼ਾਰ ਤੋਂ ਉਪਰ ਜਾ ਕੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 15 ਹਜ਼ਾਰ ਤੋਂ ਪਾਰ ਜਾ ਕੇ ਸਥਿਰ ਹੋਇਆ। ਮਹੀਨੇ ਦਾ ਆਖਰੀ ਵੀਰਵਾਰ ਨੂੰ ਮਹੀਨਾਵਾਰ ਡੈਰੀਵੇਟਿਵ ਠੇਕੇ ਦੀ ਸਮਾਪਤੀ 'ਤੇ ਬਾਜ਼ਾਰ ਦਾ ਰੁਖ਼ ਹਾਂ-ਪੱਖੀ ਰਿਹਾ। ਇਸ ਤੋਂ ਇਲਾਵਾ ਚੰਗੇ ਕੌਮਾਂਤਰੀ ਸੰਕੇਤ ਨੇ ਵੀ ਨਿਵੇਸ਼ਕਾਂ ਦਾ ਉਤਸ਼ਾਹ ਵਧਾਉਣ ਦਾ ਕੰਮ ਕੀਤਾ। ਸੈਸ਼ਨ ਪੂਰਾ ਹੋਣ ਤਕ ਸੈਂਸੈਕਸ 257.17 'ਤੇ ਜਾ ਕੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ ਵੀ 115.35 ਅੰਕਾਂ ਦੇ ਵਾਧੇ ਨਾਲ 15,097.35 'ਤੇ ਪੁੱਜ ਕੇ ਸਥਿਰ ਹੋਇਆ। ਦਿੱਗਜ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ 3.84 ਫੀਸਦੀ ਦਾ ਵਾਧਾ ਦਰਜ ਕੀਤਾ। ਸੈਂਸੈਕਸ ਪੈਕ 'ਚ 4.66 ਫੀਸਦੀ ਦੇ ਸਭ ਤੋਂ ਤੇਜ਼ ਵਾਧੇ ਓਐੱਨਜੀਸੀ ਦੇ ਨਾਂ ਰਿਹਾ। ਐੱਨਟੀਪੀਸੀ, ਇੰਡਸਇੰਡ ਬੈਂਕ ਤੇ ਪਾਵਰਗਿ੍ਡ ਦੇ ਸ਼ੇਅਰਾਂ 'ਚ ਵੀ ਉਛਾਲ ਦਰਜ ਕੀਤਾ ਗਿਆ। ਐਕਸਿਸ ਬੈਂਕ ਦੇ ਸ਼ੇਅਰਾਂ 'ਚ 2.94 ਫੀਸਦੀ ਦਾ ਵਾਧਾ ਦੇਖਿਆ ਗਿਆ। ਇਸੇ ਬੈਂਕ ਨੂੰ ਮੈਕਸ ਲਾਈਫ ਇੰਸ਼ੋਰੈਂਸ 'ਚ ਹਿੱਸੇਦਾਰੀ ਖ਼ਰੀਦ ਦੀ ਇਜਾਜ਼ਤ ਮਿਲਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 30 ਸ਼ੇਅਰਾਂ ਵਾਲੇ ਸੈਂਸੈਕਸ 'ਚ ਆਈਸੀਆਈਸੀਆਈ ਬੈਂਕ, ਨੈਸਲੇ ਇੰਡੀਆ, ਐੱਲਐਂਡਟੀ, ਕੋਟਕ ਬੈਂਕ, ਟਾਈਟਨ ਤੇ ਐੱਚਡੀਐੱਫਸੀ ਦੇ ਸ਼ੇਅਰਾਂ 'ਚ 2.10 ਫੀਸਦੀ ਤਕ ਦੀ ਨਰਮੀ ਦਰਜ ਕੀਤੀ ਗਈ।

ਸੈਕਟੋਰਲ ਇੰਡੈਕਸ ਦੇ ਹਿਸਾਬ ਨਾਲ ਬੀਐੱਸਈ ਦੇ ਐਨਰਜੀ, ਆਇਲ-ਗੈਸ, ਮੈਟਲ, ਯੂਟੀਲਿਟੀਜ਼, ਬੇਸਿਕ ਮੈਟੀਰੀਅਲਜ਼, ਪਾਵਰ ਤੇ ਰਿਅਲਟੀ 'ਚ 3.92 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਿਰਫ਼ ਐੱਫਐੱਮਸੀਜੀ ਤੇ ਕੈਪੀਟਲ ਗੁੱਡਜ਼ 'ਚ ਮੰਦੀ ਦਾ ਮਾਹੌਲ ਰਿਹਾ। ਵੱਡੇ ਪੱਧਰ 'ਤੇ ਮਿਡਕੈਪ ਤੇ ਸਮਾਲਕੈਪ 'ਚ 1.42 ਫੀਸਦੀ ਤਕ ਦਾ ਵਾਧਾ ਦੇਖਣ ਨੂੰ ਮਿਲਿਆ।

Posted By: Susheel Khanna