ਮੁੰਬਈ (ਪੀਟੀਆਈ) : ਹਾਂਪੱਖੀ ਵਿਦੇਸ਼ੀ ਰੁਝਾਨਾਂ ਦੇ ਵਿਚਕਾਰ ਦੇਸ਼ ਦੇ ਸ਼ੇਅਰ ਬਾਜ਼ਾਰਾਂ ਵਿਚ ਸੋਮਵਾਰ ਨੂੰ ਲਗਾਤਾਰ ਦੂਜੇ ਸੈਸ਼ਨ ਵਿਚ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ ਆਈਟੀ ਸ਼ੇਅਰਾਂ ਵਿਚ ਖਾਸ ਤੌਰ 'ਤੇ ਖ਼ਰੀਦਦਾਰੀ ਦੇਖੀ ਗਈ। ਬੀਐੱਸਈ ਦਾ ਸੈਂਸੈਕਸ 168.62 ਅੰਕਾਂ ਦੀ ਤੇਜ਼ੀ ਦੇ ਨਾਲ 39.784.52 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਸਐੱਸਈ) ਦਾ ਨਿਫਟੀ 52.05 ਅੰਕਾਂ ਦੀ ਤੇਜ਼ੀ ਦੇ ਨਾਲ 11,922.70 'ਤੇ ਬੰਦ ਹੋਇਆ। ਐੱਨਬੀਐੱਫਸੀ ਸੈਕਟਰ ਵਿਚ ਨਕਦੀ ਨਾਲ ਜੁੜੀ ਚਿੰਤਾ ਦੇ ਕਾਰਨ ਹਾਲਾਂਕਿ ਵਿੱਤੀ ਸ਼ੇਅਰਾਂ 'ਤੇ ਦਬਾਅ ਦੇਖਿਆ ਗਿਆ।

ਸੈਂਸੈਕਸ ਵਿਚ ਟੀਸੀਐੱਸ ਵਿਚ ਸਭ ਤੋਂ ਜ਼ਿਆਦਾ 2.39 ਫ਼ੀਸਦੀ ਤੇਜ਼ੀ ਰਹੀ। ਦੂਜੇ ਪਾਸੇ ਯੈੱਸ ਬੈਂਕ ਵਿਚ ਸਭ ਤੋਂ ਜ਼ਿਆਦਾ 2.89 ਫ਼ੀਸਦੀ ਗਿਰਾਵਟ ਰਹੀ। ਬੀਐੱਸਈ 'ਤੇ ਜੰਮੂ ਐਂਡ ਕਸ਼ਮੀਰ ਬੈਂਕ ਦੇ ਸ਼ੇਅਰਾਂ ਵਿਚ 12.53 ਫ਼ੀਸਦੀ ਗਿਰਾਵਟ ਰਹੀ। ਇੰਟੋਡੇ ਟ੍ਰੇਡ ਵਿਚ ਇਹ 19.93 ਫ਼ੀਸਦੀ ਤਕ ਡਿੱਗਿਆ ਸੀ। ਜੰਮੂ ਤੇ ਕਸ਼ਮੀਰ ਸਰਕਾਰ ਨੇ ਸ਼ਨਿਚਰਵਾਰ ਨੂੰ ਬੈਂਕ ਦੇ ਚੇਅਰਮੈਨ ਪਰਵੇਜ ਅਹਿਮਦ ਨੂੰ ਬਰਖਾਸਤ ਕਰ ਦਿੱਤਾ ਸੀ। ਉਥੇ ਐਂਟੀ ਕੁਰੱਪਸ਼ਨ ਬਿਊਰੋ ਨੇ ਨਿਯੁਕਤੀ ਵਿਚ ਕਥਿਤ ਘਪਲੇ ਦੇ ਮਾਮਲੇ ਵਿਚ ਬੈਂਕ ਦੇ ਕਾਰਪੋਰੇਟ ਦਫ਼ਤਰ 'ਤੇ ਛਾਪਾ ਵੀ ਮਾਰਿਆ ਸੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਟੈੱਕ, ਐੱਫਐੱਮਸੀਜੀ, ਟੈਲੀਕਾਮ ਅਤੇ ਕੰਜਿਊਮਰ ਡਿਊਰੈਬੈੱਲਸ ਸੈਕਟਰ ਵਿਚ 1.61 ਫ਼ੀਸਦੀ ਤਕ ਤੇਜ਼ੀ ਆ ਰਹੀ। ਉਥੇ ਆਇਲ ਐਂਡ ਗੈਸ, ਊਰਜਾ, ਫਾਇਨਾਂਸ ਅਤੇ ਬੈਂਕਿੰਗ ਵਿਚ 1.20 ਫ਼ੀਸਦੀ ਤਕ ਗਿਰਾਵਟ ਰਹੀ। ਬੀਐੱਸਈ ਦੇ ਮਿਡਕੈਪ ਵਿਚ ਮਾਮੂਲੀ ਤੇਜ਼ੀ ਅਤੇ ਸਮਾਲਕੈਪ ਵਿਚ ਗਿਰਾਵਟ ਰਹੀ।

ਪ੍ਰਮੁੱਖ ਏਸ਼ੀਆਈ ਬਾਜ਼ਾਰਾਂ ਵਿਚ ਵੀ ਤੇਜ਼ੀ

ਅਮਰੀਕਾ ਵੱਲੋਂ ਮੈਕਸੀਕੋ 'ਤੇ ਲਗਾਈ ਗਈ ਬਰਾਮਦ ਫ਼ੀਸ ਵਾਪਸ ਲਏ ਜਾਣ ਨਾਲ ਪੂਰੀ ਦੁਨੀਆ ਵਿਚ ਨਿਵੇਸ਼ਕਾਂ ਨੇ ਸੁੱਖ ਦਾ ਸਾਹ ਲਿਆ। ਅੰਤਰਰਾਸ਼ਟਰੀ ਪੱਧਰ 'ਤੇ ਹਾਂਪੱਖੀ ਰੁਝਾਨਾਂ ਦੇ ਵਿਚਕਾਰ ਏਸ਼ੀਆ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਵੀ ਤੇਜ਼ੀ ਰਹੀ। ਸ਼ੰਘਾਈ ਕੰਪੋਜ਼ਿਟ ਇੰਡੈਕਸ 0.86 ਫ਼ੀਸਦੀ, ਹੈਂਗਸੇਂਗ 2.27 ਫ਼ੀਸਦੀ ਅਤੇ ਕੋਸਪੀ 1.31 ਫ਼ੀਸਦੀ ਉੱਛਲੇ। ਯੂਰਪ ਦੇ ਪ੍ਰਮੁੱਖ ਬਾਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਾ ਮਾਹੌਲ ਦੇਖਿਆ ਗਿਆ।

ਰਿਲਾਇੰਸ ਪਾਵਰ ਦੇ ਸ਼ੇਅਰ ਸੱਤ ਫ਼ੀਸਦੀ ਡਿੱਗੇ

ਨਵੀਂ ਦਿੱਲੀ : ਰਿਲਾਇੰਸ ਪਾਵਰ ਦੇ ਸ਼ੇਅਰ ਬੀਐੱਸਈ 'ਤੇ 6.81 ਫ਼ੀਸਦੀ ਡਿੱਗ ਕੇ 5.75 ਰੁਪਏ 'ਤੇ ਬੰਦ ਹੋਏ। ਅਨਿਲ ਅੰਬਾਨੀ ਦੇ ਸਮੂਹ ਵਾਲੀ ਕੰਪਨੀ ਨੇ ਮਾਰਚ ਤਿਮਾਹੀ ਵਿਚ 3,558.51 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਗਿਆ ਹੈ। ਸਮੂੁਹ ਦੇ ਹੋਰ ਸ਼ੇਅਰਾਂ ਵਿਚ ਵੀ ਗਿਰਾਵਟ ਰਹੀ। ਬੀਐੱਸਈ 'ਤੇ ਰਿਲਾਇੰਸ ਇਨਫਰਾਸਟੱਕਚਰ ਵਿਚ 13.24 ਫ਼ੀਸਦੀ, ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਵਿਚ 10.10 ਫ਼ੀਸਦੀ ਅਤੇ ਰਿਲਾਇੰਸ ਕੈਪੀਟਲ ਵਿਚ 8.85 ਫੀਸਦੀ ਗਿਰਾਵਟ ਰਹੀ।