ਨਵੀਂ ਦਿੱਲੀ : ਸੇਬੀ ਤੇ ਸ਼ੇਅਰ ਬਾਜ਼ਾਰਾਂ ਨੇ ਚੋਣ ਨਤੀਜੇ ਦੇ ਐਲਾਨ ਦੇ ਦਿਨ ਵੀਰਵਾਰ ਨੂੰ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੇ ਭਾਰੀ ਉਤਾਰ-ਚੜ੍ਹਾਅ ਨੂੰ ਰੋਕਣ ਲਈ ਨਿਗਰਾਨੀ ਵਿਵਸਥਾ ਨੂੰ ਮਜ਼ਬੂਤ ਕਰ ਦਿੱਤੀ ਹੈ। ਬਾਜ਼ਾਰ 'ਚ ਵੀਰਵਾਰ ਨੂੰ ਭਾਰੀ ਉਤਾਰ-ਚੜ੍ਹਾਅ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਦੇ ਕਾਰੋਬਾਰੀ ਸੈਸ਼ਨ ਲਈ ਸੇਬੀ ਤੇ ਸ਼ੇਅਰ ਬਾਜ਼ਾਰਾਂ ਨੇ ਨਿਗਰਾਨੀ ਤੰਤਰ ਮਜ਼ਬੂਤ ਕਰ ਦਿੱਤਾ ਹੈ।

ਬਾਜ਼ਾਰ 'ਚ ਗੜਬੜੀ ਕਰਨ ਵਾਲੇ (ਮੈਨੀਪੁਲੇਟਰ) ਅਸਥਿਰ ਉਤਾਰ-ਚੜ੍ਹਾਅ ਦੀ ਸਥਿਤੀ 'ਚ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਸਿੰਗਾਪੁਰ ਸਟਾਕ ਐਕਸਚੇਂਜ 'ਚ ਵੀ ਨਿਫਟੀ ਫਿਊਚਰਜ਼ ਐਂਡ ਆਪਸ਼ਨਜ਼ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਵੇਗੀ। ਸਿੰਗਾਪੁਰ ਸਟਾਕ ਐਕਸਚੇਂਜ 'ਚ ਭਾਰਤੀ ਬਾਜ਼ਾਰ ਖੁੱਲ੍ਹਣ ਤੋਂ ਕਾਫੀ ਪਹਿਲਾਂ ਕਾਰੋਬਾਰ ਸ਼ੁਰੂ ਹੋ ਜਾਂਦਾ ਹੈ। ਉਸ ਦੇ ਕਾਰੋਬਾਰੀ ਰੁਝਾਨ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪੈਂਦਾ ਹੈ।

ਇਸ ਲਈ ਵਾਧੂ ਚੌਕਸੀ ਜ਼ਰੂਰੀ

ਜ਼ਿਆਦਾਤਰ ਐਗਜ਼ਿਟ ਪੋਲਜ਼ 'ਚ ਐੱਨਡੀਏ ਦੇ ਸੱਤਾ 'ਚ ਪਰਤਣ ਦਾ ਸੰਕੇਤ ਮਿਲਣ ਨਾਲ ਬੀਐੱਸਈ ਦੇ ਸੈਂਸੈਕਸ 'ਚ 1422 ਅੰਕਾਂ ਤੇ ਐੱਨਐੱਸਈ ਦੇ ਨਿਫਟੀ 'ਚ 421 ਅੰਕਾਂ ਦਾ ਉਛਾਲ ਆਇਆ ਸੀ। ਇਸ ਤੋਂ ਪਹਿਲਾਂ ਵੀ 2009 'ਚ ਆਮ ਚੋਣਾਂ ਦੇ ਨਤੀਜੇ ਦਾ ਐਲਾਨ ਹੋਣ ਦੇ ਅਗਲੇ ਦਿਨ ਸੈਂਸੈਕਸ 'ਚ 2100 ਅੰਕਾਂ ਤੋਂ ਵੱਧ ਦਾ ਉਛਾਲ ਆਇਆ ਸੀ। ਸੈਂਸੈਕਸ ਲਈ ਇਹ ਪਹਿਲਾ ਮੌਕਾ ਸੀ ਜਦੋਂ ਕਾਰੋਬਾਰ ਦੌਰਾਨ ਦੋ ਵਾਰ ਅਪਰ ਸਰਕਟ ਲਗਾਉਣਾ ਪਿਆ ਸੀ। 2009 'ਚ ਚੋਣਾਂ ਦਾ ਨਤੀਜਾ ਐਤਵਾਰ ਨੂੰ ਆਇਆ ਸੀ।

ਪੋਰਟਫੋਲੀਓ ਮੈਨੇਜਰਜ਼ ਵੀ ਕਮੋਡਿਟੀ ਡੇਰੀਵੇਟਿਵਜ਼ 'ਚ ਕਰ ਸਕਣਗੇ ਨਿਵੇਸ਼

ਨਵੀਂ ਦਿੱਲੀ : ਬਾਜ਼ਾਰ ਰੈਗੂਲੇਟਰੀ ਸੇਬੀ ਨੇ ਬੁੱਧਵਾਰ ਨੂੰ ਪੋਰਟਫੋਲੀਓ ਮੈਨੇਜਰਜ਼ ਨੂੰ ਆਪਣੇ ਕਲਾਇੰਟਸ ਵੱਲੋਂ ਐਕਸਚੇਂਜ ਟ੍ਰੇਡੇਡ ਕਮੋਡਿਟੀ ਡੇਰੀਵੇਟਿਵਜ਼ (ਈਟੀਸੀਡੀ) 'ਚ ਨਿਵੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੈਗੂਲੇਟਰੀ ਨੇ ਮਿਊਚਲ ਫੰਡਜ਼ ਨੂੰ ਵੀ ਇਸੇ ਸੈਗਮੈਂਟ 'ਚ ਹਿੱਸਾ ਲੈਣ ਦੀ ਸਹੂਲਤ ਦੇ ਦਿੱਤੀ ਸੀ। ਸੇਬੀ ਨੇ ਕਿਹਾ ਕਿ ਪੋਰਟਫੋਲੀਓ ਮੈਨੇਜਰਜ਼ ਨੂੰ ਮਿਲੀ ਸਹੂਲਤ ਨਾਲ ਕੁਝ ਸ਼ਰਤਾਂ ਜੋੜੀਆਂ ਗਈਆਂ ਹਨ। ਉਨ੍ਹਾਂ ਨੂੰ ਸੇਬੀ ਤੇ ਸ਼ੇਅਰ ਬਾਜ਼ਾਰਾਂ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਗਏ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ, ਜੋ ਕਲਾਇੰਟਸ 'ਤੇ ਲਾਗੂ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਈਟੀਸੀਡੀ 'ਚ ਹਿੱਸਾ ਲੈਣ ਤੋਂ ਪਹਿਲਾਂ ਸੇਬੀ 'ਚ ਰਜਿਸਟਰਡ ਨੂੰ ਨਿਯੁਕਤ ਕਰਨਾ ਹੋਵੇਗਾ। ਸੇਬੀ ਨੇ ਉਨ੍ਹਾਂ 'ਤੇ ਹੋਰ ਵੀ ਕਈ ਸ਼ਰਤਾਂ ਲਗਾਈਆਂ ਹਨ।