ਨਵੀਂ ਦਿੱਲੀ, ਏਜੰਸੀਆਂ : ਫਿਊਚਰ ਗਰੁੱਪ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਵਿਚ ਡੀਲ ਦੇ ਮਾਮਲੇ ’ਚ Amazon ਨੂੰ ਤਕੜਾ ਝਟਕਾ ਲੱਗਾ ਹੈ। ਬਾਜ਼ਾਰ ਰੈਗੂਲੇਟਰ ਸੇਬੀ ਨੇ ਫਿਊਚਰ ਗਰੁੱਪ ਅਤੇ ਰਿਲਾਇੰਸ ਇੰਡਸਟ੍ਰੀਜ਼ ’ਚ ਡੀਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਸਿਕਿਓਰਿਟੀਜ਼ ਤੇ ਐਕਸਚੇਂਜ ਬੋਰਡ ਨੇ ਬੁੱਧਵਾਰ ਨੂੰ ਪੱਤਰ ਜਾਰੀ ਕਰਕੇ ਇਸ ਡੀਲ ਨੂੰ ਸ਼ਰਤਾਂ ਸਮੇਤ ਆਪਣੀ ਮਨਜ਼ੂਰੀ ਦੇ ਦਿੱਤੀ। BSE ਨੇ ਇਸ ਡੀਲ ’ਤੇ ਆਪਣੇ ਵੱਲੋਂ ਕੋਈ ਪ੍ਰਤੀਕੂਲ ਟਿੱਪਣੀ ਨਹੀਂ ਕੀਤੀ ਹੈ। ਅਗਸਤ, 2020 ’ਚ ਕਿਸ਼ੋਰ ਬਿਆਨੀ ਅਤੇ ਫਿਊਚਰ ਗਰੁੱਪ ਨੇ ਰਿਲਾਇੰਸ ਰਿਟੇਲ ਦੇ ਨਾਲ 25,000 ਕਰੋੜ ਰੁਪਏ ਦੇ ਕਰਾਰ ਦਾ ਐਲਾਨ ਕੀਤਾ ਸੀ। ਇਸ ਡੀਲ ਤਹਿਤ ਫਿਊਚਰ ਗਰੁੱਪ ਨੂੰ ਆਪਣਾ ਰਿਟੇਲ, ਹੋਲਸੇਲ, ਲਾਜਿਸਟਿਕ ਅਤੇ ਵੇਅਰਹਾਊਸ ਬਿਜ਼ਨੈੱਸ ਰਿਲਾਇੰਸ ਰਿਟੇਲ ਵੇਂਚਰਜ਼ ਲਿਮੀਟਿਡ ਨੂੰ ਵੇਚਣਾ ਸੀ।

ਰਿਲਾਇੰਸ ਅਤੇ ਫਿਊਚਰ ਗਰੁੱਪ ’ਚ 24,713 ਕਰੋੜ ਰੁਪਏ ਦੇ ਇਸ ਸੌਦੇ ’ਤੇ ਸੇਬੀ ਦੀ ਮੋਹਰ ਨਾਲ ਇਨ੍ਹਾਂ ਦੋਵੇਂ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਧਿਆਨ ਦੇਣ ਯੋਗ ਹੈ ਕਿ ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ Amazon ਇਸ ਸੌਦੇ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ। ਇਸ ਡੀਲ ਦੇ ਵਿਰੋਧ ’ਚ Amazon ਨੇ ਸੇਬੀ, ਸਟਾਕ ਐਕਸਚੇਂਜਾਂ ਅਤੇ ਹੋਰ ਰੈਗੂਲੇਟਰੀ ਏਜੰਸੀਆਂ ਨੂੰ ਕਈ ਪੱਤਰ ਲਿਖੇ ਸੀ। ਪੱਤਰ ’ਚ Amazon ਨੇ ਇਸ ਸੌਦੇ ਨੂੰ ਆਗਿਆ ਨਾ ਦੇਣ ਦੀ ਬੇਨਤੀ ਕੀਤੀ ਸੀ। Amazon ਦੀ ਬੇਨਤੀ ਨੂੰ ਦਰ-ਕਿਨਾਰ ਕਰਦੇ ਹੋਏ ਸੇਬੀ ਨੇ ਕੁਝ ਸ਼ਰਤਾਂ ਦੇ ਹਿਸਾਬ ਨਾਲ ਇਸ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

Competition Commission of India (ਸੀਸੀਆਈ) ਇਸ ਡੀਲ ਨੂੰ ਪਹਿਲਾਂ ਹੀ ਆਪਣੀ ਮਨਜ਼ੂਰੀ ਦੇ ਚੁੱਕਾ ਹੈ। ਹੁਣ ਸੇਬੀ ਦੀ ਮਨਜ਼ੂਰੀ ਤੋਂ ਬਾਅਦ ਐੱਨਸੀਐੱਲਟੀ ਦੀ ਮਨਜ਼ੂਰੀ ਮਿਲਣਾ ਬਾਕੀ ਹੈ। ਸੇਬੀ ਨੇ ਸੌਦੇ ਦੀ ਪੂਰੀ ਜਾਣਕਾਰੀ ਫਿਊਚਰ ਦੇ ਸ਼ੇਅਰ ਹੋਲਡਰਜ਼ ਦੇ ਨਾਲ ਸਾਂਝਾ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਫਿਊਚਰ-ਰਿਲਾਇੰਸ ਗਰੁੱਪ ਦੇ ਇਸ ਸੌਦੇ ’ਤੇ ਸੇਬੀ ਦੀ ਆਗਿਆ ਅਦਾਲਤ ’ਚ ਲੰਬਿਤ ਮਾਮਲਿਆਂ ਦੇ ਨਤੀਜਿਆਂ ’ਤੇ ਨਿਰਭਰ ਕਰੇਗੀ। ਫਿਊਚਰ ਕੰਪਨੀ ਬੋਰਡ ਨੇ ਰਿਲਾਇੰਸ ਰਿਟੇਲ ਨੂੰ ਸੰਪਤੀ ਵੇਚਣ ਦੇ 24,713 ਕਰੋੜ ਰੁਪਏ ਦੇ ਸੌਦੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ, ਜਿਸਨੂੰ 21 ਦਸੰਬਰ ਦੇ ਫੈਸਲੇ ’ਚ ਦਿੱਲੀ ਸੁਪਰੀਮ ਕੋਰਟ ਨੇ ਵੈਦ ਕਰਾਰ ਦਿੱਤਾ ਸੀ।

Posted By: Ramanjit Kaur