ਜੇਐੱਨਐੱਨ, ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ (SBI) ਨੇ ਇਕ ਲੱਖ ਤੋਂ ਘੱਟ ਬੈਲੇਂਸ ਵਾਲੇ ਬੱਚ ਖਾਤਿਆਂ 'ਤੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਬੈਂਕ ਪਹਿਲਾਂ 3.50 ਫ਼ੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਸੀ ਜਿਸ ਨੂੰ ਹੁਣ 3.25 ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਨਵੀਆਂ ਦਰਾਂ ਪਹਿਲੀ ਨਵੰਬਰ ਤੋਂ ਲਾਗੂ ਹੋਣਗੀਆਂ। ਗਾਹਕ ਹਮੇਸ਼ਾ ਜ਼ਿਆਦਾ ਵਿਆਜ ਦਰ ਦੇਣ ਵਾਲੇ ਬੈਂਕ 'ਚ ਆਪਣਾ ਬੱਚਤ ਖਾਤਾ ਖੁੱਲ੍ਹਵਾਉਣਾ ਪਸੰਦ ਕਰਦੇ ਹਨ। ਬੈਂਕ ਦੇ ਇਸ ਕਦਮ ਨਾਲ ਗਾਹਕਾਂ ਨੂੰ ਝਟਕਾ ਲੱਗਿਆ ਹੈ। ਹੋ ਸਕਦਾ ਹੈ ਐੱਸਬੀਆਈ ਦੇ ਇਸ ਕਦਮ ਨਾਲ ਗਾਹਕ ਅਜਿਹੇ ਬੈਂਕਾਂ ਵੱਲ ਰੁਖ਼ ਕਰਨ ਜਿਹੜੇ ਜ਼ਿਆਦਾ ਵਿਆਜ ਦਿੰਦੇ ਹਨ। ਬੱਚਤ ਖਾਤੇ 'ਤੇ ਜ਼ਿਆਦਾ ਵਿਆਜ ਦਰ ਹਾਸਿਲ ਕਰਨ ਲਈ ਗਾਹਕ ਜਨਤਕ ਖੇਤਰ ਤੋਂ ਇਲਾਵਾ ਨਿੱਜੀ ਖੇਤਰ ਦੇ ਬੈਂਕ 'ਚ ਸ਼ਿਫਟ ਹੋ ਸਕਦੇ ਹਨ। ਜ਼ਿਆਦਾ ਵਿਆਜ ਦਰ ਲਈ ਬੈਂਕ ਦੀ ਚੋਣ ਨਾਲ ਮਿਊਚਲ ਫੰਡਾਂ 'ਚ ਐੱਸਆਈਪੀ ਰਾਹੀਂ ਨਿਵੇਸ਼ ਕਰਨ ਵਾਲੇ ਗਾਹਕਾਂ ਨੂੰ ਵੀ ਫਾਇਦਾ ਹੋਵੇਗਾ, ਇਸ ਤਰ੍ਹਾਂ ਉਨ੍ਹਾਂ ਨੂੰ ਰਿਟਰਨ ਵਧ ਕੇ ਮਿਲੇਗੀ।

ਜੇਕਰ ਗਾਹਕ ਜ਼ਿਆਦਾ ਵਿਆਜ ਲਈ ਬੈਂਕ ਬਦਲਣ ਦੀ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਹਾਲੀਆ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ ਸੰਕਟ ਨੂੰ ਵੀ ਧਿਆਨ 'ਚ ਰੱਖਣਾ ਪਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਪੀਐੱਮਸੀ ਬੈਂਕ ਸੰਕਟ ਨੂੰ ਦੇਖਦੇ ਹੋਏ ਗਾਹਕ ਕੋ-ਆਪ੍ਰੇਟਿਵ ਬੈਂਕਾਂ ਤੇ ਸਮਾਲ ਫਾਈਨਾਂਸ ਬੈਂਕਾਂ ਤੋਂ ਬਚਣ। ਜ਼ਿਕਰਯੋਗ ਹੈ ਕਿ ਡਿਪਾਜ਼ਿਟ ਇੰਸ਼ੋਰੈਂਸ ਐਂਡ ਗਾਰੰਟੀ ਕਾਰਪੋਰੇਸ਼ਨ ਆਫ ਇੰਡੀਆ ਤਹਿਤ ਕੋਈ ਵੀ ਬੈਂਕ 1 ਲੱਖ ਤਕ ਦੀ ਜਮ੍ਹਾਂ ਦੀ ਹੀ ਗਾਰੰਟੀ ਲੈਂਦਾ ਹੈ। ਵਿਆਜ ਲਈ ਨਿੱਜੀ ਸੈਕਟਰ ਦੇ ਬੈਂਕਾਂ ਦੀ ਗੱਲ ਕਰੀਏ ਤਾਂ ਇਸ ਵਿਚ ਆਈਡੀਐੱਫਸੀ ਬੈਂਕ ਇਕ ਲੱਖ ਤੋਂ ਘੱਟ ਦੀ ਜਮ੍ਹਾਂ ਵਾਲੇ ਬੱਚਤ ਖਾਤਿਆਂ 'ਤੇ 6 ਫ਼ੀਸਦੀ ਦੀ ਦਰ ਨਾਲ ਵਿਆਜ ਦਿੰਦਾ ਹੈ। ਉੱਥੇ ਹੀ ਆਰਬੀਐੱਲ ਬੈਂਕ ਦਾ ਵਿਆਜ ਪੰਜ ਫ਼ੀਸਦੀ ਹੈ।

ਜੇਕਰ ਗਾਹਕ ਵਿਆਜ ਲਈ ਬੈਂਕ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹੋਰ ਬੈਂਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵੱਖ-ਵੱਖ ਫੀਸ ਦੀ ਵੀ ਤੁਲਨਾ ਕਰ ਲੈਣੀ ਚਾਹੀਦੀ ਹੈ। ਗਾਹਕਾਂ ਲਈ ਅਜਿਹੇ ਬੈਂਕਾਂ 'ਚ ਆਪਣਾ ਖਾਤਾ ਖੁੱਲ੍ਹਵਾਉਣਾ ਸਹੀ ਰਹੇਗਾ ਜਿੱਥੇ ਘੱਟੋ-ਘੱਟ ਜਮ੍ਹਾਂ ਰਾਸ਼ੀ ਦੀ ਹੱਦ ਘਟ ਰੱਖੀ ਗਈ ਹੋਵੇ ਤੇ ਮੁਫ਼ਤ 'ਚ ਏਟੀਐੱਮ ਤੋਂ ਨਿਕਾਸੀ ਜ਼ਿਆਦਾ ਹੋ ਸਕੇ। ਇਸ ਤੋਂ ਇਲਾਵਾ ਬੈਂਕ ਦੀ ਬ੍ਰਾਂਚ ਵੀ ਨੇੜੇ ਹੋਵੇ ਤਾਂ ਜੋ ਗਾਹਕ ਉੱਥੇ ਆਸਾਨੀ ਨਾਲ ਪਹੁੰਚ ਸਕਣ।

ਇਸ ਮਹੀਨੇ ਦੇ ਸ਼ੁਰੂ 'ਚ ਆਰਬੀਆਈ ਨੇ ਰੈਪੋ ਦਰਾਂ 'ਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ ਜਿਸ ਤੋਂ ਬਾਅਦ ਨਵੀਆਂ ਦਰਾਂ 5.15 ਫ਼ੀਸਦੀ 'ਤੇ ਆ ਗਈਆਂ ਹਨ। ਕੇਂਦਰੀ ਬੈਂਕ ਵੱਲੋਂ ਇਸ ਵਾਰ ਇਹ ਪੰਜਵੀਂ ਕਟੌਤੀ ਹੈ। ਇਸ ਸਾਲ ਹੁਣ ਤਕ ਆਰਬੀਆਈ ਨੇ ਵਿਆਜ ਦਰਾਂ 'ਚ 135 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਸ ਸਾਲ ਮਈ 'ਚ ਐੱਸਬੀਆਈ ਨੇ ਆਪਣੀ ਬੱਚਤ ਜਮ੍ਹਾਂ ਦਰ ਨੂੰ ਆਰਬੀਆਈ ਦੀਆਂ ਰੈਪੋ ਦਰਾਂ ਨਾਲ ਜੋੜ ਦਿੱਤਾ ਹੈ।

Posted By: Seema Anand