ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਬੈਂਕ SBI ਨੇ ਵਿਆਜ ਦਰਾਂ 'ਚ 0.25 ਫ਼ੀਸਦੀ ਦੀ ਵੱਡੀ ਕਟੌਤੀ ਦਾ ਸੋਮਵਾਰ ਨੂੰ ਐਲਾਨ ਕੀਤਾ। ਬੈਂਕ ਨੇ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ (EBR) 'ਚ ਕਮੀ ਜ਼ਰੀਏ ਆਪਣੇ ਗਾਹਕਾਂ ਨੂੰ ਨਵੇਂ ਸਾਲ ਦੀ ਸੌਗਾਤ ਦਿੱਤੀ ਹੈ। ਬੈਂਕ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਵਿਆਜ ਦਰਾਂ 'ਚ ਇਸ ਕਟੌਤੀ ਨਾਲ ਹੁਣ EBR 8.05 ਫ਼ੀਸਦੀ ਪ੍ਰਤੀ ਸਾਲ ਤੋਂ ਘੱਟ ਕੇ 7.80 ਫ਼ੀਸਦੀ ਸਾਲਾਨਾ ਰਹਿ ਗਿਆ ਹੈ। ਨਵੀਆਂ ਵਿਆਜ ਦਰਾਂ ਇਕ ਜਨਵਰੀ 2020 ਤੋਂ ਲਾਗੂ ਹੋਣਗੀਆਂ। State Bank ਦੇ ਇਸ ਫ਼ੈਸਲੇ ਨਾਲ ਬੈਂਕ ਤੋਂ ਹੋਮ ਲੋਨ ਲੈਣ ਵਾਲਿਆਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ EBR 'ਤੇ ਲੋਨ ਲੈਣ ਵਾਲੇ ਛੋਟੇ ਤੇ ਮਝੋਲੇ ਕਾਰੋਬਾਰੀਆਂ (MSME) ਨੂੰ ਵੀ ਫਾਇਦਾ ਹੋਵੇਗਾ।

SBI Home Loan ਹੋ ਗਿਆ ਸਸਤਾ

ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨਵੇਂ ਮਕਾਨ ਖਰੀਦਦਾਰਾਂ ਲਈ ਹੁਣ EBR ਆਧਾਰਿਤ ਵਿਆਜ ਦਰਾਂ ਦੀ ਸ਼ੁਰੂਆਤ 7.90 ਫ਼ੀਸਦੀ ਤੋਂ ਹੋਵੇਗੀ। ਪਹਿਲਾਂ ਇਹ ਦਰ 8.15 ਫ਼ੀਸਦੀ ਸੀ। SBI ਨੇ ਕਿਹਾ ਹੈ ਕਿ ਐੱਮਐੱਸਐੱਮਈ ਬੌਰੋਅਰਜ਼ ਲਈ ਪ੍ਰੋਡਕਟ ਦੇ ਹਿਸਾਬ ਨਾਲ ਨਵੀਆਂ ਵਿਆਜ ਦਰਾਂ ਤੇ ਹੋਰ ਵੇਰਵੇ ਬੈਂਕ ਦੀ ਵੈੱਬਸਾਈਟ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ।

ਇਹ ਹੈ EBR ਦਾ ਫਾਰਮੂਲਾ

State Bank of India (SBI) ਗਾਹਕ, ਮੁਲਾਜ਼ਮ, ਜਾਇਦਾਦ, ਜਮ੍ਹਾਂ ਤੇ ਬ੍ਰਾਂਚਾਂ ਦੇ ਹਿਸਾਬ ਨਾਲ ਦੇਸ਼ ਦਾ ਸਭ ਤੋਂ ਵੱਡਾ ਕਮਰਸ਼ੀਅਲ ਬੈਂਕ ਹੈ। ਐੱਸਬੀਆਈ ਦਾ EBR ਰਿਜ਼ਰਵ ਬੈਂਕ ਦੇ ਰੈਪੋ ਰੇਟ ਨਾਲ ਲਿੰਕ ਹੈ। RBI ਇਸ ਸਾਲ ਹੁਣ ਤਕ ਰੈਪੋ ਰੇਟ 'ਚ 1.35 ਫ਼ੀਸਦੀ ਦੀ ਕਟੌਤੀ ਕਰ ਚੁੱਕਾ ਹੈ। ਇਸ ਵੇਲੇ ਰੈਪੋ ਰੇਟ 5.15 ਫ਼ੀਸਦੀ ਦੇ ਪੱਧਰ 'ਤੇ ਹੈ। ਐੱਸਬੀਆਈ ਈਬੀਆਰ ਤੈਅ ਕਰਨ ਲਈ ਰੈਪੋ ਰੇਟ +2.65 ਫ਼ੀਸਦੀ ਦਾ ਫਾਰਮੂਲਾ ਫੋਲਾ ਕਰਦਾ ਹੈ। ਇਸ ਤੋਂ ਇਲਾਵਾ ਬੈਂਕ ਹੋਮ ਲੋਨ 'ਤੇ 0.10 ਫ਼ੀਸਦੀ ਤੋਂ ਲੈ ਕੇ 0.75 ਫ਼ੀਸਦੀ ਤਕ ਦਾ ਵਾਧੂ ਪ੍ਰੀਮੀਅਮ ਵੀ ਲੈਂਦਾ ਹੈ।

MCLR 'ਚ ਅੱਠ ਵਾਰ ਕਟੌਤੀ

ਬੈਂਕ ਰੈਪੋ ਦਰਾਂ 'ਚ ਆਰਬੀਆਈ ਵੱਲੋਂ ਇਸ ਸਾਲ ਕੀਤੀ ਗਈ ਭਾਰੀ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣ ਲਈ MCLR ਆਧਾਰਿਤ ਲੋਨ ਦੀਆਂ ਵਿਆਜ ਦਰਾਂ 'ਚ ਕਈ ਵਾਰ ਕੌਟਤੀ ਕਰ ਚੁੱਕਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਬੈਂਕ ਨੇ ਅੱਠਵੀਂ ਵਾਰ ਐੱਮਸੀਐੱਲਆਰ ਆਧਾਰਤ ਵਿਆਜ ਦਰ 'ਚ ਕਟੌਤੀ ਕੀਤੀ ਸੀ। ਬੈਂਕ ਨੇ ਇਕ ਸਾਲ ਦੇ ਐੱਮਸੀਐੱਲਆਰ 'ਚ 0.10 ਫ਼ੀਸਦੀ ਕਟੌਤੀ ਦਾ ਐਲਾਨ ਕੀਤਾ ਸੀ। ਇਸ ਨਾਲ ਬੈਂਕ ਦਾ ਇਕ ਸਾਲ ਦਾ ਐੱਮਸੀਐੱਲਆਰ ਘਟ ਕੇ 7.90 ਫ਼ੀਸਦੀ ਰਹਿ ਗਿਆ ਸੀ। ਇਹ ਵਿਆਜ ਦਰ 10 ਦਸੰਬਰ, 2019 ਤੋਂ ਲਾਗੂ ਹੈ।

Posted By: Seema Anand