ਮੁੰਬਈ (ਏਜੰਸੀ) : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸਬੀਆਈ ਨੇ ਮਾਰਜਨਿਲ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ ਮਤਲਬ ਐੱਮਸੀਐੱਲਆਰ 'ਚ 10 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਇਸ ਦਾ ਮਤਲਬ ਹੈ ਕਿ ਬੈਂਕ ਦੇ ਸਾਰੀਆਂ ਮਿਆਦ ਦੀਆਂ ਵਿਆਜ ਦਰਾਂ ਵਿਚ 0.10 ਫ਼ੀਸਦੀ ਦੀ ਕਟੌਤੀ ਹੋਵੇਗੀ। ਇਸ ਨਾਲ ਹੋਮ ਲੋਨ, ਕਾਰ ਤੇ ਪਰਸਨਲ ਲੋਨ ਸਸਤੇ ਹੋਣ। ਹਾਲਾਂਕਿ ਇਹ ਕਟੌਤੀ ਰੈਪੋ ਰੇਟ ਨਾਲ ਲਿੰਕ ਵਿਆਜ ਦਰਾਂ 'ਤੇ ਲਾਗੂ ਨਹੀਂ ਹੋਣਗੀਆਂ। ਇਸ ਦੇ ਨਾਲ ਹੀ ਬੈਂਕ ਨੇ ਸੇਵਿੰਗਸ ਅਕਾਊਂਟ ਡਿਪਾਜ਼ਿਟ 'ਤੇ ਮਿਲਣ ਵਾਲੇ ਵਿਆਜ ਦੀਆਂ ਦਰਾਂ ਵੀ 0.25 ਫ਼ੀਸਦੀ ਤਕ ਘਟਾ ਦਿੱਤੀਆਂ ਹਨ। ਇਸ ਨਾਲ ਪੂਰੀ ਤਰ੍ਹਾਂ ਨਾਲ ਸੇਵਿੰਗਸ ਅਕਾਊਂਟ 'ਤੇ ਨਿਰਭਰ ਰਹਿਣ ਵਾਲੇ ਬਜ਼ੁਰਗਾਂ ਤੇ ਪੈਨਸ਼ਨਧਾਰਕਾਂ ਨੂੰ ਘਾਟਾ ਹੋ ਸਕਦਾ ਹੈ। ਕਰਜ਼ੇ ਰੇਟ ਵਿਚ ਕਟੌਤੀ ਦੀਆਂ ਦਰਾਂ ਵੀਰਵਾਰ (10 ਅਕਤੂਬਰ) ਤੋਂ ਲਾਗੂ ਹੋ ਗਈਆਂ ਹਨ। ਉਥੇ ਸੇਵਿੰਗਸ 'ਤੇ ਵਿਆਜ ਦਰਾਂ ਵਿਚ ਕਟੌਤੀ ਦੀ ਵਿਵਸਥਾ ਨਵੰਬਰ ਦੀ ਪਹਿਲੀ ਤਾਰੀਕ ਤੋਂ ਲਾਗੂ ਹੋਣਗੀਆਂ।

ਬੈਂਕ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਸੈਗਮੈਂਟ ਗਾਹਕਾਂ ਨੂੰ ਲਾਭ ਪਹੁੰਚਾਉਣ ਲਈ ਐੱਮਸੀਐੱਲਆਰ ਵਿਚ 10 ਆਧਾਰ ਅੰਕਾਂ ਦੀ ਕਟੌਤੀ ਦਾ ਫ਼ੈਸਲਾ ਲਿਆ ਗਿਆ ਹੈ। ਬੈਂਕ ਨੇ ਚਾਲੂ ਵਿੱਤ ਸਾਲ ਵਿਚ ਛੇਵੀਂ ਵਾਰ ਐੱਮਸੀਐੱਲਆਰ ਵਿਚ ਕਟੌਤੀ ਕੀਤੀ ਹੈ, ਜੋ ਘੱਟ ਤੋਂ ਘੱਟ ਬਦਲਾਅ ਤੋਂ ਬਾਅਦ 8.05 ਫ਼ੀਸਦੀ ਰਹਿ ਗਈ ਹੈ। ਬੈਂਕ ਨੇ ਕਦਮ ਆਰਬੀਆਈ ਵੱਲੋਂ ਰੈਪੋ ਰੇਟ ਵਿਚ 25 ਆਧਾਰ ਅੰਕਾਂ ਦੀ ਕਟੌਤੀ ਤੋਂ ਬਾਅਦ ਚੁੱਕਿਆ ਹੈ। ਹਾਲਾਂਕਿ ਐੱਸਬੀਆਈ ਨੇ ਰੈਪੋ ਰੇਟ ਆਧਾਰਿਤ ਵਿਆਜ ਦਰਾਂ ਵਿਚ ਕਟੌਤੀ ਦਾ ਐਲਾਨ ਅਜੇ ਨਹੀਂ ਕੀਤਾ ਹੈ। ਇਸ ਨਾਲ ਪਹਿਲਾ ਆਰਬੀਆਈ ਸਾਰੇ ਬੈਂਕਾਂ ਨੂੰ ਉਨ੍ਹਾਂ ਦੀ ਵਿਆਜ ਦਰਾਂ ਰੈਪੋ ਰੇਟ ਨਾਲ ਲਿੰਕ ਕਰਨ ਦਾ ਨਿਰਦੇਸ਼ ਦੇ ਚੁੱਕਾ ਹੈ। ਇਸ ਰਾਹੀਂ ਕੇਂਦਰੀ ਬੈਂਕ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਘਟੇ ਹੋਏ ਰੈਪੋ ਰੇਟ ਦਾ ਲਾਭ ਗਾਹਕਾਂ ਤਕ ਪੁੱਜ ਸਕੇ।

ਇਕ ਲੱਖ ਰੁਪਏ ਤਕ ਜਮ੍ਹਾਂ 'ਤੇ ਐੱਸਬੀਆਈ ਦੀਆਂ ਵਿਆਜ ਦਰਾਂ ਘਟੀਆਂ

ਨਵੀਂ ਦਿੱਲੀ : ਐੱਸਬੀਆਈ ਨੇ ਸੇਵਿੰਗਸ ਡਿਪਾਜ਼ਿਟ 'ਤੇ ਵਿਆਜ ਦਰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਬੈਂਕ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਲੱਖ ਰੁਪਏ ਤਕ ਜਮ੍ਹਾਂ 'ਤੇ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਗਈ ਹੈ। ਪਹਿਲਾ ਸੇਵਿੰਗਸ ਅਕਾਊਂਟ ਵਿਚ ਇਕ ਲੱਖ ਰੁਪਏ ਤਕ ਰਕਮ 'ਤੇ 3.50 ਫ਼ੀਸਦੀ ਦੀ ਦਰ ਨਾਲ ਵਿਆਜ ਮਿਲਦਾ ਸੀ, ਜੋ ਹੁਣ ਘਟ ਕੇ 3.5 ਫ਼ੀਸਦੀ ਦਰ ਨਾਲ ਮਿਲੇਗਾ। ਨਵੀਆਂ ਦਰਾਂ ਪਹਿਲੀ ਨਵੰਬਰ ਤੋਂ ਲਾਗੂ ਹੋਣਗੀਆਂ। ਨਾਲ ਹੀ ਬੈਂਕ ਨੇ ਰਿਟੇਲ ਡਿਪਾਜ਼ਿਟ 'ਤੇ 0.10 ਤੇ ਬਲਕ ਡਿਪਾਜ਼ਿਟ 'ਤੇ 0.30 ਫ਼ੀਸਦੀ ਕਟੌਤੀ ਕੀਤੀ ਹੈ। ਇਕ ਸਾਲ ਤੋਂ ਦੋ ਸਾਲ ਵਿਚਕਾਰ ਦੀ ਮਿਆਦ ਲਈ ਜਮ੍ਹਾਂ ਰਾਸ਼ੀ 'ਤੇ ਵਿਆਜ ਦਰਾਂ ਵੀਰਵਾਰ ਤੋਂ ਪ੍ਰਭਾਵੀ ਹੋ ਗਈਆਂ ਹਨ। ਬੈਂਕ ਨੇ ਕਿਹਾ ਕਿ ਇਹ ਕਦਮ ਸਿਸਟਮ ਵਿਚ ਤਰਲਤਾ ਵਧਾਉਣ ਲਈ ਚੁੱਕੇ ਗਏ ਹਨ।