ਜੇਐੱਨਐੱਨ, ਨਵੀਂ ਦਿੱਲੀ : ਤਿਉਹਾਰਾਂ 'ਤੇ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ ਹਰ ਤਰ੍ਹਾਂ ਦੇ ਲੋਨ 'ਤੇ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ 0.10 ਫ਼ੀਸਦੀ ਘਟਾ ਦਿੱਤੀ ਹੈ। ਐੱਸਬੀਆਈ ਦੇ ਇਸ ਫ਼ੈਸਲੇ ਨਾਲ ਹੋਮ ਲੋਨ 'ਤੇ ਵਿਆਜ ਦਰ ਘਟੇਗੀ। ਤਿਉਹਾਰੀ ਸੀਜ਼ਨ 'ਚ ਐੱਸਬੀਆਈ ਦੀ ਗਾਹਕਾਂ ਨੂੰ ਇਹ ਰਾਹਤ ਭਰੀ ਵੱਡੀ ਸੌਗਾਤ ਹੈ। ਐੱਸਬੀਆਈ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਵਿਆਜ ਦਰ ਕਟੌਤੀ ਦੀਆਂ ਸੋਧੀਆਂ ਹੋਈਆਂ ਦਰਾਂ 10 ਅਕਤੂਬਰ ਤੋਂ ਲਾਗੂ ਹੋਣਗੀਆਂ। ਵਿਆਜ ਦਰ ਦੀ ਇਸ ਕਟੌਤੀ ਨਾਲ ਹੀ ਇਕ ਸਾਲ ਦੇ ਲੋਨ ਦਾ ਐੱਲਸੀਐੱਲਆਰ ਘਟ ਕੇ 8.05 ਫ਼ੀਸਦੀ 'ਤੇ ਆ ਗਿਆ ਹੈ।

ਕਾਬਿਲੇਗ਼ੌਰ ਹੈ ਕਿ ਐੱਸਬੀਆਈ ਨੇ ਇਸ ਸਾਲ ਛੇਵੀਂ ਵਾਰ ਐੱਮਸੀਐੱਲਆਰ 'ਚ ਕਟੌਤੀ ਕੀਤੀ ਹੈ। ਆਰਬੀਆਈ ਨੇ ਪਿਛਲੇ ਸਾਲ ਰੈਪੋ ਰੇਟ 'ਚ 0.25 ਫ਼ੀਸਦੀ ਦੀ ਕਟੌਤੀ ਕੀਤੀ ਸੀ ਪਰ ਇਸ ਕਟੌਤੀ ਦਾ ਰੈਪੋ ਰੇਟ ਨਾਲ ਜੁੜੇ ਲੋਨ 'ਤੇ ਕੋਈ ਅਸਰ ਨਹੀਂ ਪਵੇਗਾ। ਰੈਪੋ ਰੇਟ 'ਚ ਗਿਰਾਵਟ ਨਾਲ ਬੈਂਕਾਂ 'ਤੇ ਵਿਆਜ ਦਰਾਂ 'ਚ ਕਮੀ ਦਾ ਦਬਾਅ ਵਧ ਜਾਂਦਾ ਹੈ। ਪਿਛਲੀ ਇਕ ਅਕਤੂਬਰ ਤੋਂ ਰੈਪੋ ਦਰਾਂ 'ਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣਾ ਲਾਜਮ਼ੀ ਹੋ ਗਿਆ ਹੈ। ਇਸ ਤੋਂ ਪਹਿਲਾਂ ਰੈਪੋ ਦਰਾਂ 'ਚ ਕਟੌਤੀ ਦੇ ਬਾਵਜੂਦ ਆਮ ਲੋਕ ਇਸ ਦੇ ਫਾਇਦੇ ਤੋਂ ਮਹਿਰੂਮ ਰਹਿੰਦੇ ਸਨ। ਆਰਬੀਆਈ ਨੇ ਇਸ ਸਬੰਧੀ ਕਦਮ ਉਠਾਉਂਦੇ ਹੋਏ ਬੈਂਕਾਂ ਨੂੰ ਹਰ ਤਰ੍ਹਾਂ ਦੇ ਲੋਨ ਨੂੰ ਰੈਪੋ ਰੇਟ ਨਾਲ ਲਿੰਕ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਬਾਵਜੂਦ ਬੈਂਕਾਂ ਕੋਲ ਹਾਲੇ ਵੀ ਰੈਪੋ ਰੇਟ ਆਧਾਰਿਤ ਲੋਨ ਤੋਂ ਇਲਾਵਾ ਐੱਮਸੀਐੱਲਆਰ ਆਧਾਰਿਤ ਲੋਨ ਪੇਸ਼ ਕਰਨ ਦੀ ਛੋਟ ਹੈ।

Posted By: Seema Anand