ਨਵੀਂ ਦਿੱਲੀ (ਪੀਟੀਆਈ) : ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਬੱਚਤ ਖਾਤੇ 'ਤੇ ਵਿਆਜ ਦਰ 0.25 ਫ਼ੀਸਦੀ ਘਟਾ ਕੇ 2.75 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਂ ਦਰ 15 ਅਪ੍ਰੈਲ ਤੋਂ ਲਾਗੂ ਹੋਵੇਗੀ। ਬੈਂਕ ਨੇ ਐੱਮਸੀਐੱਲਆਰ 7.75 ਫ਼ੀਸਦੀ ਤੋਂ ਘਟਾ ਕੇ 7.40 ਫ਼ੀਸਦੀ ਕਰ ਦਿੱਤਾ ਹੈ। ਬੈਂਕ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਇਹ ਦੱਸਿਆ ਗਿਆ ਹੈ। ਬੈਂਕ ਵੱਲੋਂ Marginal Cost of Funds based Lending Rate (MCLR) 'ਚ ਕੀਤੀ ਗਈ ਕਟੌਤੀ ਕਾਫ਼ੀ ਅਹਿਮ ਹੈ ਕਿਉਂਕਿ ਇਸ ਨਾਲ ਬੈਂਕ ਤੋਂ ਹੋਮ ਲੋਨ ਵਰਗੇ ਕਰਜ਼ੇ ਲੈਣ ਵਾਲੇ ਗਾਹਕਾਂ ਦੀ ਈਐੱਮਆਈ 'ਚ ਵਰਣਨਯੋਗ ਕਮੀ ਆਵੇਗੀ।

ਇੰਨਾ ਘੱਟ ਹੋ ਜਾਵੇਗਾ ਈਐੱਮਆਈ ਦਾ ਭਾਰ

ਐੱਸਬੀਆਈ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, 'ਇਸ ਕਟੌਤੀ ਦੇ ਨਾਲ ਐੱਮਸੀਐੱਲਆਰ ਨਾਲ ਲਿੰਕਡ 30 ਸਾਲ ਦੀ ਮਿਆਦ ਦੇ ਹੋਮ ਲੋਨ ਦੀ ਈਐੱਮਆਈ ਫ਼ੀ ਲੱਖ ਦੇ ਹਿਸਾਬ ਨਾਲ 24 ਰੁਪਏ ਘੱਟ ਹੋ ਜਾਵੇਗੀ।'

ਪਿਛਲੇ ਮਹੀਨੇ ਐੱਸਬੀਆਈ ਨੇ ਰੈਪੋ ਰੇਟ ਨਾਲ ਜੁੜੇ ਲੋਨ ਪ੍ਰੋਡਕਟ ਦੀ ਵਿਆਜ ਦਰ 'ਚ 0.75 ਫ਼ੀਸਦੀ ਦੀ ਕਟੌਤੀ ਕੀਤੀ ਸੀ। ਇਸ ਤਰ੍ਹਾਂ ਬੈਂਕ ਨੇ ਆਰਬੀਆਈ ਵੱਲੋਂ ਕੀਤੀ ਗਈ ਕਟੌਤੀ ਦਾ ਪੂਰਾ ਲਾਭ ਆਪਣੇ ਗਾਹਕਾਂ ਨੂੰ ਦੇ ਦਿੱਤਾ ਸੀ।

ਬੱਚਤ ਖਾਤੇ 'ਚ ਜਮ੍ਹਾ ਰਾਸ਼ੀ 'ਤੇ ਵੀ ਵਿਆਜ 'ਚ ਕਟੌਤੀ

ਐੱਸਬੀਆਈ ਨੇ ਬੱਚਤ ਖਾਤੇ 'ਚ ਜਮ੍ਹਾ ਰਾਸ਼ੀ 'ਤੇ ਵੀ ਵਿਆਜ ਦਰਾਂ 'ਚ ਤਬਦੀਲੀ ਕੀਤੀ ਹੈ, ਜੋ 15 ਅਪ੍ਰੈਲ 2020 ਤੋਂ ਲਾਗੂ ਹੋਵੇਗੀ। ਹੁਣ ਬੈਂਕ ਦੇ ਸੇਵਿੰਗ ਅਕਾਊਂਟ ਹੋਲਡਰ ਨੂੰ 2.75 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇਸ ਤੋਂ ਪਹਿਲਾਂ ਇਹ ਦਰ ਤਿੰਨ ਫੀਸਦੀ ਸੀ।

ਇਸ ਤਰ੍ਹਾਂ ਦੇਖਿਆ ਜਾਵੇ ਤਾਂ ਬੱਚਤ ਖਾਤੇ 'ਚ ਜਮ੍ਹਾ ਰਾਸ਼ੀ 'ਤੇ ਬੈਂਕ ਨੇ ਵਿਆਜ ਦਰ 'ਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ। ਵਰਣਨਯੋਗ ਹੈ ਕਿ ਹਾਲ ਵਿੱਚ ਭਾਰਤੀ ਸਟੇਟ ਬੈਂਕ ਨੇ ਬੱਚਤ ਖਾਤੇ ਲਈ ਮਿਨੀਮਲ ਬੈਲੇਂਸ ਮੈਂਟੇਨ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਸੀ।