v> ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਅੱਜ ਸ਼ੁੱਕਰਵਾਰ ਨੂੰ ਫਿਕਸਡ ਡਿਪਾਜ਼ਿਟ (FD) 'ਤੇ ਵਿਆਜ ਦਰਾਂ 'ਚ ਇਕ ਵਾਰ ਫਿਰ ਕਟੌਤੀ ਕੀਤੀ ਹੈ। ਐੱਸਬੀਆਈ ਨੇ ਇਕ ਮਹੀਨੇ ਤੋਂ ਵੀ ਘਟ ਸਮੇਂ 'ਚ ਦੂਸਰੀ ਵਾਰ ਐੱਫਡੀ 'ਤੇ ਵਿਆਜ ਦਰਾਂ 'ਚ ਇਹ ਕਟੌਤੀ ਕੀਤੀ ਹੈ। ਐੱਸਬੀਆਈ ਨੇ ਵੱਖ-ਵੱਕ ਪਰਿਪੱਕਤਾ ਮਿਆਦ ਵਾਲੀਆਂ ਰਿਟੇਲ ਐੱਫਡੀ ਦਰਾਂ 'ਚ 10 ਤੋਂ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ, ਜਦਕਿ ਬਲਕ ਡਿਪਾਜ਼ਿਟ 'ਤੇ 30 ਤੋਂ 70 ਆਧਾਰ ਅੰਕਾਂ ਦੀ ਕਟੌਤੀ ਕੀਤੀ ਗਈ ਹੈ। ਫਿਕਸਡ ਡਿਪਾਜ਼ਿਟ 'ਤੇ ਇਹ ਨਵੀਆਂ ਦਰਾਂ 26 ਅਗਸਤ ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਐੱਸਬੀਆਈ ਨੇ 1 ਅਗਸਤ ਨੂੰ ਐੱਫ਼ਡੀ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ।

ਕਾਬਿਲੇਗ਼ੌਰ ਹੈ ਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ਇਸੇ ਮਹੀਨੇ ਰੈਪੋ ਦਰਾਂ 'ਚ 35 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਇਸ ਸਾਲ ਇਹ ਆਰਬੀਆਈ ਦੀ ਰੈਪੋ ਦਰਾਂ 'ਚ ਚੌਥੀ ਕਟੌਤੀ ਸੀ। ਇਸ ਤਰ੍ਹਾਂ ਆਰਬੀਆਈ ਇਸ ਸਾਲ 110 ਅੰਕਾਂ ਦੀ ਕਟੌਤੀ ਕਰ ਚੁੱਕਾ ਹੈ। ਆਰਬੀਆਈ ਗਵਰਨਰ ਨੇ ਹਾਲ ਹੀ 'ਚ ਬੈਂਕਾਂ ਤੋਂ RBI ਦੀ ਰੇਟ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣ ਲਈ ਕਿਹਾ ਸੀ।

Posted By: Seema Anand