ਪੀਟੀਆਈ, ਨਵੀਂ ਦਿੱਲੀ : ਐੱਸਬੀਆਈ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਕ੍ਰੈਡਿਟ ਸਕੋਰ ਦੇਖਣ ਦੀ ਸਹੂਲਤ ਮੁਹੱਈਆ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ। ਐੱਸਬੀਆਈ ਕਾਰਡ ਦੇ ਪ੍ਰਬੰਧ ਨਿਰਦੇਸ਼ਕ ਤੇ ਸੀਈਓ ਅਸ਼ਵਨੀ ਕੁਮਾਰ ਤਿਵਾੜੀ ਨੇ ਇਸ ਦੀ ਜਾਣਕਾਰੀ ਦਿੱਤੀ। ਗਾਹਕ ਇਸ ਸਹੂਲਤ ਤਹਿਤ ਆਪਣੇ ਕ੍ਰੈਡਿਟ ਖਾਤਿਆਂ 'ਤੇ ਲਾਗਇਨ ਕਰ ਕੇ 'ਕ੍ਰੈਡਿਟ ਸਕੋਰ' ਦੇਖ ਸਕਣਗੇ। ਤਿਵਾੜੀ ਨੇ ਪਿਛਲੇ ਮਹੀਨੇ ਐੱਸਬੀਆਈ ਕਾਰਡ ਦਾ ਕਾਰਜਭਾਰ ਸੰਭਾਲਿਆ। ਇਸ ਤੋਂ ਪਹਿਲਾਂ ਉਹ ਭਾਰਤੀ ਸਟੇਟ ਬੈਂਕ ਦੇ ਨਿਊਯਾਰਕ, ਸ਼ਿਕਾਗੋ ਤੇ ਲਾਸ ਏਜਲਸ ਸ਼ਾਖ਼ਾਵਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਉਨ੍ਹਾਂ ਕਿਹਾ ਕਿ ਅਮਰੀਕਾ 'ਚ ਕੰਮ ਕਰਨ ਦੌਰਾਨ ਜੋ ਤਜਰਬਾ ਹਾਸਿਲ ਹੋਇਆ, ਉਸ 'ਚੋਂ ਦੋ-ਤਿੰਨ ਚੀਜ਼ਾਂ ਇੱਥੇ ਲਾਗੂ ਕੀਤੀਆਂ ਜਾ ਸਕਦੀਆਂ ਹਨ। ਤਿਵਾੜੀ ਨੇ ਕਿਹਾ ਕਿ ਇਕ ਚੀਜ਼ ਕ੍ਰੈਡਿਟ ਕਾਰਡਧਾਰਕਾਂ ਲਈ ਕ੍ਰੈਡਿਟ ਬਿਓਰੋ ਸਕੋਰ ਦਾ ਪ੍ਰਬੰਧ ਹੈ। ਜਦੋਂ ਵੀ ਕਾਰਡਧਾਰਕ ਆਪਣੇ ਖਾਤੇ 'ਤੇ ਲਾਗਇਨ ਕਰਨਗੇ, ਉਹ ਕ੍ਰੈਡਿਟ ਸਕੋਰ ਦੇਖ ਸਕਣਗੇ। ਇਹ ਅਮਰੀਕਾ 'ਚ ਆਮ ਹੈ। ਇਸ ਲਈ ਕੋਈ ਵਾਧੂ ਫ਼ੀਸ ਨਹੀਂ ਲਗਦੀ।

ਤਿਵਾੜੀ ਨੇ ਕਿਹਾ ਕਿ ਦੂਸਰੀ ਚੀਜ਼ 'ਕੋ-ਬ੍ਰਾਂਡਿਡ' ਹੈ, ਜਿੱਥੇ ਕਾਰਡ ਕੰਪਨੀਆਂ ਤੇ ਬੈਂਕ ਕਿਸੇ ਯੋਜਨਾ ਨੂੰ ਲੈ ਕੇ ਗੱਠਜੋੜ ਕਰਦੀ ਹੈ, ਜਿਸ ਨੂੰ ਪ੍ਰਚੂਨ ਕੰਪਨੀਆਂ ਚਲਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਨੂੰ ਇਸ ਦਿਸ਼ਾ 'ਚ ਵੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਜੇ ਕੋਈ ਪ੍ਰਚੂਨ ਦੁਕਾਨ ਤੋਂ ਸਾਮਾਨ ਖ਼ਰੀਦਦਾ ਹੈ ਤਾਂ ਉਸ ਕੋਲ ਕਾਰਡ ਨਹੀਂ ਹੈ ਤਾਂ ਉਹ ਉਸ ਨੂੰ ਮੁਹੱਈਆ ਕਰਵਾਉਣ ਲਈ ਕਹਿ ਸਕਦਾ ਹੈ। ਜੇ ਵਿਅਕਤੀ ਸਹਿਮਤ ਹੁੰਦਾ ਹੈ ਤਾਂ ਉਹ ਉਸ ਕੋਲੋਂ ਸਿਰਫ਼ ਸਮਾਜਿਕ ਸੁਰੱਖਿਆ ਗਿਣਤੀ ਪੁੱਛਣਗੇ ਤੇ ਗਾਹਕ ਦਾ ਜੇ ਕ੍ਰੈਡਿਟ ਸਕੋਰ ਚੰਗਾ ਹੈ ਤਾਂ ਉਸ ਨੂੰ ਪੰਜ ਤੋਂ 10 ਮਿੰਟ 'ਚ ਕਾਰਡ ਜਾਰੀ ਕਰ ਦੇਣਗੇ। ਹੋ ਸਕਦਾ ਹੈ ਕਿ ਕਾਰਡ ਬਾਅਦ 'ਚ ਆਵੇ ਪਰ ਨੰਬਰ ਪਤਾ ਲੱਗ ਜਾਂਦਾ ਹੈ। ਤਿਵਾੜੀ ਨੇ ਕਿਹਾ ਕਿ ਸਾਨੂੰ ਇਸ ਦਿਸ਼ਾ 'ਚ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪ੍ਰਚੂਨ ਦੁਕਾਨਦਾਰਾਂ ਨੂੰ ਪੁਆਂਇੰਟ ਆਫ ਸੇਲ 'ਤੇ ਕਾਰਡ ਜਾਰੀ ਕੀਤਾ ਜਾ ਸਕੇ।

Posted By: Harjinder Sodhi