ਨਵੀਂ ਦਿੱਲੀ: ਕੇਂਦਰੀ ਬੈਂਕ ਵੱਲੋਂ ਨੀਤੀਗਤ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਲੋਨ ਸਸਤਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਆਪਣੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਇਸ ਨਾਲ ਗਾਹਕਾਂ ਦੇ ਹੋਮ ਲੋਨ ਅਤੇ ਕਾਰ ਲੋਨ ਦੀ ਈਐੱਮਆਈ ਦਾ ਬੋਝ ਘਟੇਗਾ। ਇਹ ਵਿਆਜ ਦਰਾਂ 10 ਅਪ੍ਰੈਲ ਯਾਨੀ ਬੁੱਧਵਾਰ ਨੂੰ ਲਾਗੂ ਹੋ ਜਾਣਗੀਆਂ। ਇਸ ਤੋਂ ਇਲਾਵਾ ਐੱਸਬੀਆਈ ਨੇ 1 ਮਈ ਤੋਂ ਬਚਤ ਖਾਤਿਆਂ ਦੀ ਜਮ੍ਹਾਂ ਦਰ ਨੂੰ ਰੈਪੋ ਰੇਟ ਨਾਲ ਲਿੰਕ ਕਰਨ ਦਾ ਐਲਾਨ ਕਰ ਦਿੱਤਾ ਹੈ।

ਐੱਸਬੀਆਈ ਨੇ ਘਟਾਈ ਐੱਮਸੀਐੱਲਆਰ

ਐੱਸਬੀਆਈ ਨੇ 1 ਸਾਲ ਦੇ ਐੱਮਸੀਐੱਲਆਰ 'ਚ 5 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਇਹ 8.55 ਫ਼ੀਸਦੀ ਤੋਂ ਘੱਟ ਕੇ 8.50 ਫ਼ੀਸਦੀ ਹੋ ਗਿਆ ਹੈ। ਇਸ ਦੇ ਨਾਲ ਹੀ ਜੋ ਸਾਰੇ ਲੋਨ ਐੱਮਸੀਐੱਲਆਰ ਨਾਲ ਲਿੰਕਡ ਹਨ ਉਨ੍ਹਾਂ ਦੀਆਂ ਵਿਆਜ ਦਰਾਂ 10 ਅਪ੍ਰੈਲ ਤੋਂ ਘੱਟ ਜਾਣਗੀਆਂ।

ਐੱਸਬੀਆਈ ਦਾ ਹੋਮ ਲੋਨ ਹੋਇਆ ਸਸਤਾ

ਐੱਸਬੀਆਈ ਨੇ 30 ਲੱਖ ਰੁਪਏ ਤਕ ਦੇ ਹੋਮ ਲੋਨ 'ਚ 0.10 ਫ਼ੀਸਦੀ ਕਟੌਤੀ ਕੀਤੀ ਹੈ। ਹੁਣ 30 ਲੱਖ ਰੁਪਏ ਤਕ ਦੇ ਲੋਨ 'ਤੇ ਵਿਆਜ ਦਰ 8.60 ਫ਼ੀਸਦੀ ਤੋਂ 8.90 ਫ਼ੀਸਦੀ ਹੋਵੇਗੀ ਜੋ ਪਹਿਲਾਂ 8.70 ਤੋਂ 9.00 ਫ਼ੀਸਦੀ ਸੀ।

ਇੰਡੀਅਨ ਓਵਰਸੀਜ਼ ਬੈਂਕ ਦਾ ਹੋਮ ਅਤੇ ਕਾਰ ਲੋਨ ਵੀ ਹੋਇਆ ਸਸਤਾ

ਹਾਲ ਹੀ 'ਚ ਆਰਬੀਆਈ ਵੱਲੋਂ ਰੈਪੋ ਰੇਟ 'ਚ ਕੀਤੀ ਗਈ ਕਟੌਤੀ ਤੋਂ ਬਾਅਦ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਇਕ ਸਾਲ ਅਤੇ ਉਸ ਤੋਂ ਜ਼ਿਆਦਾ ਮਿਆਦ ਦੇ ਐੱਮਸੀਐੱਲਆਰ 'ਚ 0.05 ਫ਼ੀਸਦੀ ਯਾਨੀ 5 ਆਧਾਰ ਅੰਕਾਂ ਦੀ ਕੌਟਤੀ ਕੀਤੀ ਹੈ। ਨਵੀਆਂ ਵਿਆਜ ਦਰਾਂ 10 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਐੱਮਸੀਐੱਲਆਰ ਘਟਣ ਤੋਂ ਬਾਅਦ ਗਾਹਕਾਂ ਲਈ ਹੋਮ ਅਤੇ ਕਾਰ ਲੋਨ ਸਸਤੇ ਹੋ ਜਾਣਗੇ।

Posted By: Akash Deep