ਮੁੰਬਈ, ਪੀਟੀਆਈ : ਭਾਰਤੀ ਸਟੇਟ ਬੈਂਕ (ਐੱਸਬੀਆਈ) ਤੇ ਆਈਸੀਆਈਸੀਆਈ ਬੈਂਕ ਨੇ ਬੱਚਤ ਖਾਤੇ ਦੇ ਡਿਪੋਜ਼ਿਟ 'ਤੇ ਮਿਲਣ ਵਾਲੇ ਵਿਆਜ 'ਚ ਕਟੌਤੀ ਦਾ ਐਲਾਨ ਕੀਤਾ ਹੈ। ਐੱਸਬੀਆਈ ਨੇ ਵਿਆਜ ਦਰ 'ਚ 5 ਆਧਾਰ ਅੰਕਾਂ ਤੇ ਆਈਸੀਆਈਸੀਆਈ ਨੇ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਐੱਸਬੀਆਈ ਦਾ ਡਿਪੋਜ਼ਿਟ ਇੰਟਰਸਟ ਰੇਟ 2.70 ਹੋ ਗਿਆ ਹੈ। ਬੈਂਕ ਨੇ ਅਪ੍ਰੈਲ 'ਚ ਵੀ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ। ਉਸ ਵੇਲੇ ਐੱਸਬੀਆਈ ਨੇ ਵਿਆਜ ਦਰ ਨੂੰ 3.0 ਫ਼ੀਸਦੀ ਤੋਂ ਘਟਾ ਕੇ 2.75 ਫ਼ੀਸਦੀ ਕੀਤਾ ਸੀ।

ਆਈਸੀਆਈਸੀਆਈ ਬੈਂਕ ਨੇ 50 ਲੱਖ ਤੋਂ ਘੱਟ ਦੀ ਜਮ੍ਹਾਂ ਰਕਮ 'ਤੇ ਵਿਆਜ ਨੂੰ 3.25 ਫ਼ੀਸਦੀ ਤੋਂ ਘਟਾ ਕੇ 3.0 ਫ਼ੀਸਦੀ ਕਰ ਦਿੱਤਾ ਹੈ। 50 ਲੱਖ ਜਾਂ ਇਸ ਤੋਂ ਜ਼ਿਆਦਾ ਦੀ ਜਮ੍ਹਾਂ ਰਕਮ 'ਤੇ ਵਿਆਜ ਦਰ ਨੂੰ 3.75 ਤੋਂ 3.5 ਫ਼ੀਸਦੀ ਕੀਤਾ ਗਿਆ ਹੈ। ਐੱਸਬੀਆਈ ਨੇ ਪਿਛਲੇ ਹਫ਼ਤੇ ਹਰ ਮਿਆਦ ਦੀ ਟਰਮ ਡਿਪੋਜ਼ਿਟ ਲਈ ਵਿਆਜ ਦਰਾਂ 'ਚ 40 ਆਧਾਰ ਅੰਕਾਂ ਦੀ ਕਟੌਤੀ ਕੀਤੀ ਸੀ।

ਇਸ ਦੌਰਾਨ ਐੱਸਬੀਆਈ ਨੇ ਦਿਹਾਈ ਤੇ ਨੀਮ ਸ਼ਹਿਰੀ ਇਲਾਕਿਆਂ ਦੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿੱਤੀ ਰਲੇਵੇਂ ਤੇ ਸੂਖਮ ਬਾਜ਼ਾਰ (FI&MM) ਵਿਭਾਗ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਤਹਿਤ ਬੈਂਕ ਮੁੱਖ ਰੂਪ 'ਚ ਖੇਤੀਬਾੜੀ ਤੇ ਸਬੰਧਤ ਗਤੀਵਿਧੀਆਂ ਅਤੇ ਸੂਖਮ ਤੇ ਲਘੂ ਉਦਮੀਆਂ ਨੂੰ ਕਰਜ਼ ਦੇਣਗੇ। ਇਸ ਵਿਸ਼ੇਸ਼ ਸੇਵਾ ਲਈ ਦਿਹਾਤੀ ਤੇ ਨੀਮ ਸ਼ਹਿਰੀ ਇਲਾਕਿਆਂ ਦੀਆਂ ਕਰੀਬ 8,000 ਬ੍ਰਾਂਚਾਂ ਦੀ ਚੋਣ ਕੀਤੀ ਗਈ ਹੈ।

Posted By: Seema Anand