ਜੇਐੱਨਐੱਨ, ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਡਾਲਰ ਦੇ ਮੁਕਾਬਲੇ ਰੁਪਿਆ 44 ਪੈਸੇ ਫਿਸਲ ਕੇ 81 'ਤੇ ਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਸ ਪੱਧਰ 'ਤੇ ਦੇਖਣ ਨੂੰ ਮਿਲੀ ਹੈ।

ਡਾਲਰ ਦੇ ਮੁਕਾਬਲੇ ਰੁਪਿਆ 81.08 'ਤੇ ਖੁੱਲ੍ਹਿਆ, ਜਿਸ ਤੋਂ ਤੁਰੰਤ ਬਾਅਦ ਰੁਪਿਆ 81.23 ਦੇ ਪੱਧਰ 'ਤੇ ਖਿਸਕ ਗਿਆ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 99 ਪੈਸੇ ਕਮਜ਼ੋਰ ਹੋਇਆ ਹੈ। ਰੁਪਏ 'ਚ ਇਸ ਗਿਰਾਵਟ ਦਾ ਕਾਰਨ ਮਾਹਰ ਡਾਲਰ ਸੂਚਕ ਅੰਕ 'ਚ ਤੇਜ਼ੀ ਨੂੰ ਮੰਨ ਰਹੇ ਹਨ, ਜੋ 111.39 ਦੇ ਆਪਣੇ 20 ਸਾਲ ਦੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਵਿਆਜ ਦਰ ਵਿਚ ਵਾਧੇ ਤੋਂ ਬਾਅਦ ਗਿਰਾਵਟ

ਡਾਲਰ ਦੇ ਮੁਕਾਬਲੇ ਰੁਪਏ ਦੀ ਵੱਡੀ ਗਿਰਾਵਟ ਅਮਰੀਕਾ ਦੇ ਨਾਲ-ਨਾਲ ਦੁਨੀਆ ਦੇ ਹੋਰ ਪ੍ਰਮੁੱਖ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਆਈ ਹੈ। ਅਮਰੀਕੀ ਸੈਂਟਰਲ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰ 'ਚ 0.75 ਫ਼ੀਸਦੀ ਦਾ ਵਾਧਾ ਕੀਤਾ ਹੈ। ਉਸ ਤੋਂ ਬਾਅਦ ਰੁਪਏ 'ਚ ਲਗਾਤਾਰ ਗਿਰਾਵਟ ਜਾਰੀ ਹੈ।

ਵਿਦੇਸ਼ੀ ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਵਿੱਚ ਜੰਗ ਵਧਣ, ਮਹਿੰਗਾਈ ਨੂੰ ਘੱਟ ਕਰਨ ਲਈ ਵਿਸ਼ਵ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਵਰਗੇ ਕਾਰਨਾਂ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਵਧ ਸਕਦੀ ਹੈ।

ਵੱਡੇ ਕੇਂਦਰੀ ਬੈਂਕ ਵਿਆਜ ਦਰਾਂ ਵਧਾ ਰਹੇ ਹਨ

ਆਈਐੱਫਏ ਗਲੋਬਲ ਰਿਸਰਚ ਅਕੈਡਮੀ ਦਾ ਕਹਿਣਾ ਹੈ ਕਿ ਬੈਂਕ ਆਫ਼ ਇੰਗਲੈਂਡ ਨੇ ਵਿਆਜ ਦਰਾਂ ਨੂੰ 0.50 ਪ੍ਰਤੀਸ਼ਤ ਤੋਂ 2.25 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ, ਜੋ ਕਿ 14 ਸਾਲਾਂ ਵਿੱਚ ਵਿਆਜ ਦਰਾਂ ਦਾ ਸਭ ਤੋਂ ਉੱਚਾ ਪੱਧਰ ਹੈ। ਸਵਿਸ ਨੈਸ਼ਨਲ ਬੈਂਕ ਨੇ ਵਿਆਜ ਦਰਾਂ ਵਿੱਚ ਰਿਕਾਰਡ 0.75 ਫ਼ੀਸਦੀ ਤੋਂ 0.5 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ, ਬੈਂਕ ਆਫ ਜਾਪਾਨ ਨੇ ਡਾਲਰ ਦੇ ਮੁਕਾਬਲੇ ਯੇਨ ਦੀ ਡਿੱਗਦੀ ਕੀਮਤ ਦੇ ਕਾਰਨ ਪਿਛਲੇ 24 ਸਾਲਾਂ ਵਿੱਚ ਪਹਿਲੀ ਵਾਰ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਦਖ਼ਲ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਵਿਆਜ ਦਰਾਂ ਘੱਟ ਰੱਖੀਆਂ ਹਨ।

Posted By: Jaswinder Duhra